ਕਾਂਗਰਸ ਮੁਸ਼ਕਲ ਵਿਕਾਸ ਕਾਰਜਾਂ ਨੂੰ ਹੱਥ ਨਹੀਂ ਲਾਉਂਦੀ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਾਇਆ ਕਿ ਵਿਕਾਸ ਦਾ ਜੋ ਵੀ ਕੰਮ ਮੁਸ਼ਕਿਲ ਹੁੰਦਾ ਹੈ, ਕਾਂਗਰਸ ਉਸ ਨੂੰ ਕਦੀ ਹੱਥ ਨਹੀਂ ਲਾਉਂਦੀ ਅਤੇ ਇਹ ਉਸ ਦੀ ਪੁਰਾਣੀ ਆਦਤ ਹੈ ਹਾਲਾਂਕਿ ਕਾਂਗਰਸ ਦੀ ਇਸ ਆਦਤ ਕਾਰਨ ਉੱਤਰ-ਪੂਰਬ ਨੂੰ ਬਹੁਤ ਨੁਕਸਾਨ ਪੁੱਜਾ ਹੈ।
ਅਰੁਣਾਚਲ ਪ੍ਰਦੇਸ਼ ’ਚ ਦੋ ਵੱਡੇ ਪਣ-ਬਿਜਲੀ ਪ੍ਰਾਜੈਕਟਾਂ ਸਮੇਤ 5100 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਉਦਘਾਟਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਜੀ ਐੱਸ ਟੀ ਸੁਧਾਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਰਾਤਿਆਂ ਦੇ ਪਹਿਲੇ ਦਿਨ ਘੱਟ ਦਰਾਂ ਲਾਗੂ ਹੋਣ ਨਾਲ ਲੋਕਾਂ ਨੂੰ ਇਸ ਤਿਉਹਾਰੀ ਸੀਜ਼ਨ ’ਚ ‘ਦੋਹਰੀ ਸੌਗਾਤ’ ਮਿਲੇਗੀ। ਮੋਦੀ ਨੇ ਕਾਂਗਰਸ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਵਿਰੋਧੀ ਪਾਰਟੀ ਨੇ ਵਿਕਾਸ ਦੇ ਮਾਮਲੇ ’ਚ ਅਰੁਣਾਚਲ ਪ੍ਰਦੇਸ਼ ਨੂੰ ਨਜ਼ਰਅੰਦਾਜ਼ ਕੀਤਾ ਹੈ ਕਿਉਂਕਿ ਰਾਜ ’ਚ ਸਿਰਫ਼ ਦੋ ਲੋਕ ਸਭਾ ਸੀਟਾਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਉੱਤਰ-ਪੂਰਬ ਦਾ ਵਿਕਾਸ ਦਿੱਲੀ ਤੋਂ ਨਹੀਂ ਕੀਤਾ ਜਾ ਸਕਦਾ, ਇਸ ਲਈ ਉਨ੍ਹਾਂ ਮੰਤਰੀਆਂ ਤੇ ਅਧਿਕਾਰੀਆਂ ਨੂੰ ਇਸ ਖਿੱਤੇ ’ਚ ਕਈ ਵਾਰ ਭੇਜਿਆ ਤੇ ਉਹ ਖੁਦ ਇੱਥੇ 70 ਤੋਂ ਵੱਧ ਵਾਰੀ ਆਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਕਾਂਗਰਸ ਦੀ ਪੁਰਾਣੀ ਆਦਤ ਹੈ ਕਿ ਵਿਕਾਸ ਦਾ ਜੋ ਵੀ ਕੰਮ ਮੁਸ਼ਕਿਲ ਹੁੰਦਾ ਹੈ, ਉਸ ਕੰਮ ਨੂੰ ਉਹ ਕਦੀ ਹੱਥ ਨਹੀਂ ਲਾਉਂਦੀ। ਉਸ ਇਸ ਨੂੰ ਛੱਡ ਦਿੰਦੇ ਹਨ ਅਤੇ ਕਾਂਗਰਸ ਦੀ ਇਸ ਆਦਤ ਕਾਰਨ ਅਰੁਣਾਚਲ ਪ੍ਰਦੇਸ਼ ਤੇ ਪੂਰੇ ਉੱਤਰ-ਪੂਰਬ ਨੂੰ ਬਹੁਤ ਨੁਕਸਾਨ ਹੋਇਆ ਹੈ।’ ਉਨ੍ਹਾਂ ਕਿਹਾ ਕਿ ਪਹਾੜੀ ਤੇ ਜੰਗਲੀ ਖੇਤਰ ਜਿੱਥੇ ਵਿਕਾਸ ਕਾਰਜਾਂ ’ਚ ਚੁਣੌਤੀ ਸੀ, ਕਾਂਗਰਸ ਉਨ੍ਹਾਂ ਖਿੱਤਿਆਂ ਨੂੰ ਪੱਛੜਿਆ ਐਲਾਨ ਦਿੰਦੀ ਸੀ ਅਤੇ ਉਨ੍ਹਾਂ ਨੂੰ ਭੁੱਲ ਜਾਂਦੀ ਸੀ।