Cong pays tributes to Indira: ਕਾਂਗਰਸ ਵੱਲੋਂ ਇੰਦਰਾ ਗਾਂਧੀ ਨੂੰ ਬਰਸੀ ਮੌਕੇ ਨਿੱਘੀਆਂ ਸ਼ਰਧਾਂਜਲੀਆਂ
Former prime minister Indira Gandhi's death anniversary
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਨਵੀਂ ਦਿੱਲੀ ਵਿਚ ਸ਼ਕਤੀ ਸਥਲ ਵਿਖੇ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਏਐੱਨਆਈ
Advertisement
ਨਵੀਂ ਦਿੱਲੀ, 31 ਅਕਤੂਬਰ
ਕਾਂਗਰਸ ਨੇ ਵੀਰਵਾਰ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪਾਰਟੀ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਉਨ੍ਹਾਂ ਵੱਲੋਂ ਦਿੱਤੀ ਕੁਰਬਾਨੀ ਹਮੇਸ਼ਾ "ਸਾਨੂੰ ਸਾਰਿਆਂ ਨੂੰ ਲੋਕ ਸੇਵਾ ਦੇ ਮਾਰਗ 'ਤੇ ਪ੍ਰੇਰਿਤ ਕਰਦੀ ਰਹੇਗੀ"।
ਅੱਜ ਦੇ ਹੀ ਦਿਨ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇੱਥੇ ਉਨ੍ਹਾਂ ਦੇ ਅੰਗ ਰੱਖਿਅਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇੰਦਰਾ ਗਾਂਧੀ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ। ਉਨ੍ਹਾਂ ਦਾ ਜਨਮ 19 ਨਵੰਬਰ, 1917 ਨੂੰ ਹੋਇਆ ਸੀ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਥੇ ਉਨ੍ਹਾਂ ਦੀ ਸਮਾਧੀ 'ਸ਼ਕਤੀ ਸਥਲ' ਉਤੇ ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨਾਲ ਹੀ 1, ਸਫਦਰਜੰਗ ਰੋਡ 'ਤੇ ਸਾਬਕਾ ਪ੍ਰਧਾਨ ਮੰਤਰੀ ਦੇ ਸਮਾਰਕ 'ਤੇ ਜਾ ਕੇ ਵੀ ਸ਼ਰਧਾਂਜਲੀ ਦਿੱਤੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਆਖਰੀ ਸਾਹ ਤੱਕ ਦੇਸ਼ ਦੀ ਸੇਵਾ ਕਰਨ ਬਾਰੇ ਸਾਬਕਾ ਪ੍ਰਧਾਨ ਮੰਤਰੀ ਦਾ ਇਕ ਹਵਾਲਾ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ, "ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਸਾਡੀ ਆਦਰਸ਼ ਇੰਦਰਾ ਗਾਂਧੀ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਨਿਮਰ ਸ਼ਰਧਾਂਜਲੀ।" ਖੜਗੇ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਅਤੇ ਆਪਣੀ ਮਜ਼ਬੂਤ ਇੱਛਾ ਸ਼ਕਤੀ, ਕੁਸ਼ਲ ਅਗਵਾਈ ਅਤੇ ਦੂਰਦਰਸ਼ਤਾ ਨਾਲ ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਭਾਰਤ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਐਕਸ' ਉਤੇ ਹਿੰਦੀ ਵਿੱਚ ਕੀਤੀ ਇੱਕ ਪੋਸਟ ਵਿੱਚ ਕਿਹਾ, "ਪੰਡਿਤ ਜੀ ਦੀ ਇੰਦੂ, ਬਾਪੂ ਦੀ ਪ੍ਰਿਯਦਰਸ਼ਨੀ, ਨਿਡਰ, ਨਿਰਭੈ, ਇਨਸਾਫ਼ ਪਸੰਦ -- ਭਾਰਤ ਦੀ ਇੰਦਰਾ!... ਦਾਦੀ, ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਤੁਹਾਡੀ ਕੁਰਬਾਨੀ ਹਮੇਸ਼ਾ ਸਾਨੂੰ ਸਾਰਿਆਂ ਨੂੰ ਲੋਕ ਸੇਵਾ ਦੇ ਮਾਰਗ 'ਤੇ ਪ੍ਰੇਰਿਤ ਕਰੇਗੀ।" ਉਨ੍ਹਾਂ ਇੰਦਰਾ ਗਾਂਧੀ ਦੇ ਯੋਗਦਾਨ 'ਤੇ ਇੱਕ ਵੀਡੀਓ ਮੋਨਟੇਜ ਵੀ ਸਾਂਝਾ ਕੀਤਾ।
ਕਾਂਗਰਸ ਦੀ ਜਨਰਲ ਸਕੱਤਰ ਅਤੇ ਇੰਦਰਾ ਗਾਂਧੀ ਦੀ ਪੋਤੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਹਿੰਦੀ ਵਿਚ ਕੀਤੀ ਟਵੀਟ ਵਿਚ ਕਿਹਾ, "ਦੇਸ਼ ਪ੍ਰਤੀ ਤੁਹਾਡਾ ਸਮਰਪਣ, ਤੁਹਾਡੀ ਕੁਰਬਾਨੀ; ਤੁਹਾਡੇ ਤੋਂ ਸਿੱਖੇ ਸਬਕ ਅਤੇ ਤੁਹਾਡੇ ਵੱਲੋਂ ਦਿੱਤੇ ਸੰਸਕਾਰ ਹਮੇਸ਼ਾ ਸਾਡੇ ਮਾਰਗ ਦਰਸ਼ਕ ਬਣੇ ਰਹਿਣਗੇ। ਤੁਹਾਡੀ ਸ਼ਹਾਦਤ ਨੂੰ ਨਮਨ।"
Advertisement
ਕਾਂਗਰਸ ਦੇ ਜਨਰਲ ਸਕੱਤਰ ਸੰਗਠਨ ਕੇਸੀ ਵੇਣੂਗੋਪਾਲ ਨੇ ਕਿਹਾ, "ਸਾਡੀ ਦਿੱਗਜ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੁਆਰਾ ਕੀਤੀ ਗਈ ਸਰਵਉੱਚ ਕੁਰਬਾਨੀ ਨੂੰ ਯਾਦ ਕਰਦੇ ਹੋਏ, ਜਿਨ੍ਹਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।" ਉਨ੍ਹਾਂ ਐਕਸ 'ਤੇ ਕਿਹਾ ਕਿ ਉਹ ਹਰ ਕਿਸਮ ਦੀਆਂ ਤਾਕਤਾਂ ਦਾ ਸਾਹਮਣਾ ਕਰਦੇ ਰਹੇ ਜੋ ਸਾਡੇ ਰਾਸ਼ਟਰੀ ਹਿੱਤਾਂ ਨੂੰ ਖਤਰੇ ਵਿਚ ਪਾਉਂਦੀਆਂ ਹਨ, ਭਾਵੇਂ ਉਹ ਸਰਹੱਦ ਪਾਰ ਦੇ ਦੁਸ਼ਮਣ ਹੋਣ ਜਾਂ ਉਹ ਜਿਹੜੇ ਸਾਡੇ ਸਮਾਜ ਵਿਚਲੇ ਕੱਟੜਪੰਥੀ ਤੱਤ ਹੋਣ।
ਵੇਣੂਗੋਪਾਲ ਨੇ ਹੋਰ ਕਿਹਾ, "ਉਨ੍ਹਾਂ ਦੇ ਕਾਰਜਕਾਲ ਨੇ ਹਰ ਇੱਕ ਭਾਰਤੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ, ਉਨ੍ਹਾਂ ਦੇ ਯੋਗਦਾਨ ਸਮੇਂ ਦੀ ਪ੍ਰੀਖਿਆ 'ਤੇ ਖਰੇ ਉਤਰੇ ਹਨ ਅਤੇ ਅੱਜ ਵੀ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ।"
ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਕਾਂਗਰਸ ਪਾਰਟੀ ਨੇ ਕਿਹਾ, "ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ, ਸ੍ਰੀਮਤੀ ਇੰਦਰਾ ਗਾਂਧੀ ਤਾਕਤ, ਸਮਰਪਣ, ਦਲੇਰੀ ਅਤੇ ਸ਼ਕਤੀਸ਼ਾਲੀ ਲੀਡਰਸ਼ਿਪ ਦੀ ਇੱਕ ਮਿਸਾਲ ਸਨ।" ਪਾਰਟੀ ਨੇ ਕਿਹਾ, ''ਇੰਦਰਾ ਗਾਂਧੀ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਲੱਖ-ਲੱਖ ਸਲਾਮ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਸਭ ਕੁਝ ਵਾਰ ਦਿੱਤਾ।" ਕਈ ਹੋਰ ਕਾਂਗਰਸੀ ਆਗੂਆਂ ਨੇ ਵੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ
Advertisement