ਵਪਾਰਕ ਐੱਲ.ਪੀ.ਜੀ ਸਿਲੰਡਰ 51.50 ਰੁਪਏ ਹੋਇਆ ਸਸਤਾ
ਹਵਾਈ ਜਹਾਜ਼ਾਂ ਦੇ ਤੇਲ (ਏਟੀਐਫ਼) ਦੀ ਕੀਮਤ ਵਿੱਚ ਅੱਜ 1.4 ਫੀਸਦ ਭਾਵ 1,308.41 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਦਕਿ ਵਪਾਰਕ ਐੱਲ ਪੀ ਜੀ ਸਿਲੰਡਰ 51.50 ਰੁਪਏ ਸਸਤਾ ਹੋ ਗਿਆ। ਘਰੇਲੂ ਵਰਤੋਂ ਵਾਲੇ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ। ਇਹ ਕਟੌਤੀ ਆਲਮੀ ਸਟੈਂਡਰਡ ਦਰਾਂ ਵਿੱਚ ਕਮੀ ਕਾਰਨ ਕੀਤੀ ਗਈ ਹੈ।
19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐਲ. ਪੀ.ਜੀ ਸਿਲੰਡਰ ਦੀ ਕੀਮਤ ਵਿੱਚ 51.50 ਰੁਪਏ ਦੀ ਕਟੌਤੀ ਮਗਰੋਂ ਹੁਣ ਦਿੱਲੀ ਵਿੱਚ ਵਪਾਰਕ ਐਲ.ਜੀ.ਪੀ ਸਿਲੰਡਰ ਦੀ ਕੀਮਤ ਘਟ ਕੇ 1,580 ਰੁਪਏ ਹੋ ਗਈ ਹੈ। ਲਗਾਤਾਰ ਛੇਵੀਂ ਵਾਰ ਇਸ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਪਿਛਲੇ ਪੰਜ ਮਹੀਨਿਆਂ ਵਿੱਚ ਇਸ ਦੀਆਂ ਕੀਮਤਾਂ ਵਿੱਚ ਕੁੱਲ 223 ਰੁਪਏ ਦੀ ਕਟੌਤੀ ਹੋ ਚੁੱਕੀ ਹੈ। ਹਾਲਾਂਕਿ ਘਰੇਲੂ ਵਰਤੋਂ ਵਾਲੇ 14.2 ਕਿਲੋਗ੍ਰਾਮ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ ਪਹਿਲਾਂ ਵਾਂਗ 853 ਰੁਪਏ ’ਤੇ ਬਰਕਰਾਰ ਹੈ।
ਮਾਹਿਰਾਂ ਮੁਤਾਬਕ ਭਾਵੇਂ ਕੱਚੇ ਤੇਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਵਿੱਚ ਵਧੀਆਂ ਹਨ, ਪਰ ਗਰਮੀਆਂ ਦੇ ਮੌਸਮ ਵਿੱਚ ਮੰਗ ਘੱਟ ਹੋਣ ਕਾਰਨ ਐਲ.ਜੀ.ਪੀ ਦੀਆਂ ਦਰਾਂ ਵਿੱਚ ਨਰਮੀ ਦੇਖਣ ਨੂੰ ਮਿਲੀ ਹੈ।
ਇਸੇ ਤਰ੍ਹਾਂ ਕੌਮੀ ਰਾਜਧਾਨੀ ਵਿੱਚ ਏ ਟੀ ਐੱਫ ਦੀ ਕੀਮਤ 1,308.41 ਰੁਪਏ ਪ੍ਰਤੀ ਕਿਲੋਲੀਟਰ ਜਾਂ 1.4 ਫੀਸਦ ਘਟ ਕੇ 90,713.52 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਦੋ ਵਾਰ ਏ ਟੀ ਐਫ਼ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।