ਮੋਦੀ ਖ਼ਿਲਾਫ਼ ਟਿੱਪਣੀ: ਭਾਜਪਾ ਵਰਕਰਾਂ ਨੇ ਕਾਂਗਰਸ ਦਫ਼ਤਰ ’ਤੇ ਧਾਵਾ ਬੋਲਿਆ
ਬਿਹਾਰ ਵਿੱਚ ਰਾਹੁਲ ਗਾਂਧੀ ਦੀ ‘ਵੋਟਰ ਅਧਿਕਾਰ ਯਾਤਰਾ’ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਥਿਤ ਅਪਸ਼ਬਦ ਦਾ ਮੁੱਦਾ ਉਸ ਸਮੇਂ ਭਖ ਗਿਆ ਜਦੋਂ ਭਾਜਪਾ ਕਾਰਕੁਨਾਂ ਨੇ ਸੂਬਾ ਕਾਂਗਰਸ ਦੇ ਮੁੱਖ ਦਫ਼ਤਰ ’ਤੇ ਧਾਵਾ ਬੋਲ ਦਿੱਤਾ। ਇਸ ਮਗਰੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘‘ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।’’
ਹਾਲਾਂਕਿ, ਪੁਲੀਸ ਨੇ ਦੋ ਦਿਨ ਪਹਿਲਾਂ ਦਰਭੰਗਾ ਵਿੱਚ ਮਾਈਕ ’ਤੇ ਕਥਿਤ ਅਪਸ਼ਬਦ ਬੋਲਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪਟਨਾ ਵਿੱਚ ਭਾਜਪਾ ਕਾਰਕੁਨਾਂ ਨੇ ਸੂਬਾਈ ਕਾਂਗਰਸ ਦਫ਼ਤਰ ‘ਸਦਾਕਤ ਆਸ਼ਰਮ’ ਤੱਕ ਮਾਰਚ ਕੱਢਿਆ ਅਤੇ ਇਸ ਦੌਰਾਨ ਉਨ੍ਹਾਂ ਦੀ ਕਾਂਗਰਸੀ ਕਾਰਕੁਨਾਂ ਨਾਲ ਝੜਪ ਹੋ ਗਈ। ਸਦਾਕਤ ਆਸ਼ਰਮ ਤੋਂ ਕੁੱਝ ਕਿਲੋਮੀਟਰ ਦੂਰ ਸਥਿਤ ਭਾਜਪਾ ਦਫ਼ਤਰ ਤੋਂ ਮਾਰਚ ਦੀ ਅਗਵਾਈ ਕਰਨ ਵਾਲੇ ਸੂਬੇ ਦੇ ਮੰਤਰੀ ਨਿਤਿਨ ਨਵੀਨ ਨੇ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਪਮਾਨ ਨਹੀਂ ਸਹਾਂਗੇ। ਰਾਹੁਲ ਗਾਂਧੀ, ਉਸ ਦੀ ਪਾਰਟੀ ਅਤੇ (ਇੰਡੀਆ) ਗੱਠਜੋੜ ਸਹਿਯੋਗੀਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।’’
ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਇੱਕ ਗ੍ਰਿਫ਼ਤਾਰ
ਪਟਨਾ (ਕੇਂਦਰੀ) ਦੀ ਐੱਸਪੀ ਦੀਕਸ਼ਾ ਨੇ ਦੱਸਿਆ, ‘‘ਦੋਵਾਂ ਪਾਸੇ ਜ਼ਖਮੀ ਹੋਏ ਹਨ। ਸਥਿਤੀ ਕਾਬੂ ਹੇਠ ਹੈ। ਜਾਂਚ ਤੋਂ ਮਗਰੋਂ ਕਾਰਵਾਈ ਕੀਤੀ ਜਾ ਸਕਦੀ ਹੈ।” ਇਸ ਦੌਰਾਨ, ਕਾਂਗਰਸ ਵਰਕਰਾਂ ਦਾ ਇੱਕ ਸਮੂਹ ਭਾਜਪਾ ਦੀ ਕਥਿਤ ‘ਗੁੰਡਾਗਰਦੀ’ ਦੇ ਵਿਰੋਧ ਵਿੱਚ ਸਦਾਕਤ ਆਸ਼ਰਮ ਦੇ ਗੇਟ ਦੇ ਅੱਗੇ ਧਰਨੇ ’ਤੇ ਬੈਠ ਗਿਆ। ਉਧਰ ਪੁਲੀਸ ਨੇ ਕਿਹਾ ਕਿ ਅਪਸ਼ਬਦ ਬੋਲਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਮੁਹੰਮਦ ਰਿਜ਼ਵੀ ਉਰਫ਼ ਰਜਾ (20) ਵਾਸੀ ਸਿੰਘਵਾੜਾ ਵਜੋਂ ਹੋਈ ਹੈ। -ਪੀਟੀਆਈ