ਪਾਕਿਸਤਾਨੀ ਫੌ਼ਜ ਤੇ ਲਸ਼ਕਰ-ਏ-ਤੋਇਬਾ ’ਚ ਗੰਢਤੁੱਪ ਦਾ ਪਰਦਾਫਾਸ਼
ਹੜ੍ਹ ਪ੍ਰਭਾਵਿਤ ਪਾਕਿਸਤਾਨ ਤੋਂ ਆਈ ਵੀਡੀਓ ਨੇ ਦੇਸ਼ ਵਿੱਚ ਚੱਲ ਰਹੇ ਕਥਿਤ ‘ਰਾਹਤ ਕਾਰਜਾਂ’ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਇੱਕ ਵਾਰ ਮੁੜ ਪਾਕਿਸਤਾਨੀ ਫੌਜ ਤੇ ਲਸ਼ਕਰ-ਏ-ਤੋਇਬਾ ਦਰਮਿਆਨ ਗੰਢ-ਤੁੱਪ ਦਾ ਪਰਦਾਫਾਸ਼ ਹੋ ਗਿਆ। ਇਹ ਵੀਡੀਓ ਖੈ਼ਬਰ ਪਖ਼ਤੂਨਖਵਾ ਤੇ ਪੰਜਾਬ ਦੇ ਇਲਾਕਿਆਂ ਦੀ ਹੈ, ਜਿਸ ਵਿੱਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਜਮਾਤ-ਉਦ-ਦਾਵਾ ਦੇ ਸਿਆਸੀ ਵਿੰਗ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀ ਐੱਮ ਐੱਮ ਐੱਲ) ਦੇ ਕਾਰਕੁਨ ਵਰਦੀਧਾਰੀ ਸੈਨਿਕਾਂ ਨਾਲ ਹੜ੍ਹ ਪੀੜਤਾਂ ਲਈ ਸਹਾਇਤਾ ਵੰਡਦੇ ਨਜ਼ਰ ਆ ਰਹੇ ਹਨ।
ਦੇਖਣ ਤੋਂ ਜਾਪਦਾ ਹੈ ਕਿ ਸਹਾਇਤਾ ਵੰਡੀ ਜਾ ਰਹੀ ਹੈ। ਹਾਲਾਂਕਿ, ਭਾਰਤ ਸਰਕਾਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਕੀਕਤ ਇਸ ਤੋਂ ਵੀ ਵੱਧ ਭਿਆਨਕ ਹੈ: ਆਫ਼ਤ ਰਾਹਤ ਨੂੰ ਕੱਟੜਵਾਦ ਅਤੇ ਅਤਿਵਾਦੀ ਭਰਤੀ ਲਈ ਵਰਤਿਆ ਜਾ ਰਿਹਾ ਹੈ।
ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਹ ਸੰਗਠਨ ਇਸ ਆਫ਼ਤ ਨੂੰ ‘ਲਾਹੇ’ ਲਈ ਵਰਤਦੇ ਹਨ ਅਤੇ ਆਪਣੀ ਵਿਚਾਰਧਾਰਾ ਰਾਹੀਂ ਕਲੀਨਿਕਾਂ, ਸਕੂਲਾਂ ਅਤੇ ਧਰਮ ਉਪਦੇਸ਼ਾਂ ਵਿੱਚ ਘੁਸਪੈਠ ਕਰਦੇ ਹਨ। ਘਰਾਂ ਅਤੇ ਰੋਜ਼ੀ-ਰੋਟੀ ਤੋਂ ਵਾਂਝੇ ਬਚੇ ਲੋਕ ਆਸਾਨੀ ਨਾਲ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਪਾਕਿਸਤਾਨ ਵਿੱਚ ਹੜ੍ਹਾਂ ਕਾਰਨ 7,60,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਇਸ ਹਫੜਾ-ਦਫੜੀ ਵਿੱਚ ਪੀ ਐੱਮ ਐੱਮ ਐੱਲ ਦੇ ਕਾਰਕੁਨ ਅੱਗੇ ਆਏ ਅਤੇ ਜਾਨਵਰਾਂ ਦੀ ਖੱਲ ਵੇਚ ਕੇ ਅਤੇ ਡਿਜੀਟਲ ਵਾਲੇਟ ਰਾਹੀਂ ਦਾਨ ਇਕੱਠਾ ਕੀਤਾ ਅਤੇ ਰਾਸ਼ਨ ਤੇ ਕੰਬਲ ਵੰਡੇ। ਅਧਿਕਾਰੀ ਨੇ ਕਿਹਾ ਕਿ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਵਰਗੀਆਂ ਲਸ਼ਕਰ-ਏ-ਤੋਇਬਾ ਦੀਆਂ ‘ਰਾਹਤ’ ਇਕਾਈਆਂ ਬਚੇ ਹੋਏ ਲੋਕਾਂ ਨੂੰ ਭੜਕਾਉਣ, ਪ੍ਰੇਸ਼ਾਨ ਲੋਕਾਂ ਨੂੰ ਭਰਤੀ ਕਰਨ ਅਤੇ ਭਵਿੱਖ ਦੇ ਅਤਿਵਾਦੀ ਹਮਲਿਆਂ ਵਾਸਤੇ ਪੈਸੇ ਜੁਟਾਉਣ ਲਈ ਆਫ਼ਤਾਂ ਦੀ ਵਰਤੋਂ ਕਰਦੀਆਂ ਹਨ।
ਅਧਿਕਾਰੀ ਨੇ ਕਿਹਾ, ‘‘ਲਸ਼ਕਰ-ਏ-ਤੋਇਬਾ ਦੇ ਕਾਰਕੁਨਾਂ ਨਾਲ ਖੜ੍ਹੇ ਸੈਨਿਕਾਂ ਦੀ ਤਸਵੀਰ ਚੈਰਿਟੀ ਨਹੀਂ ਹੈ - ਇਹ ਪੂਰੀ ਤਰ੍ਹਾਂ ਮਿਲੀਭੁਗਤ ਹੈ। ਫੌਜ ਵੱਲੋਂ ਰਾਹਤ ਕਾਰਜ ਦਾ ਕੰਮ ਲਸ਼ਕਰ-ਏ-ਤੋਇਬਾ ਨੂੰ ਸੌਂਪਣਾ ਉਸ ਦੇ ਭ੍ਰਿਸ਼ਟਾਚਾਰ ਹੋਣ ਅਤੇ ਨਾਕਾਮੀ ਨੂੰ ਛੁਪਾਉਂਦਾ ਹੈ।’’
ਨਵੇਂ ਨਾਵਾਂ ਨਾਲ ਸਾਹਮਣੇ ਆ ਰਹੇ ਨੇ ਪੁਰਾਣੇ ਅਤਿਵਾਦੀ ਸੰਗਠਨ
ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੱਲ੍ਹ ਹੀ ਤਿਆਨਜਿਨ ਵਿੱਚ 25ਵੇਂ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਸੰਮੇਲਨ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਉਹ ਵਿਸ਼ਵ ਅਤੇ ਐੱਸ ਸੀ ਓ ਦੇਸ਼ਾਂ ਦੇ ਸਹਿਯੋਗ ਨਾਲ ‘ਅਤਿਵਾਦ ਨੂੰ ਹਰਾਉਣ ਲਈ ਵਚਨਬੱਧ’ ਹਨ। ਹਾਲਾਂਕਿ, ਆਲਮੀ ਪਾਬੰਦੀਆਂ ਦੇ ਬਾਵਜੂਦ ਪਾਕਿਸਤਾਨ ਦੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਨਵੇਂ ਨਾਵਾਂ ਨਾਲ ਮੁੜ ਸਾਹਮਣੇ ਆ ਰਹੀਆਂ ਹਨ। ਅਧਿਕਾਰੀ ਨੇ ਕਿਹਾ, ‘‘ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਭਾਰਤ ਤਿੰਨਾਂ ਨੇ ਜਮਾਤ-ਉਦ-ਦਾਵਾ, ਐੱਫ ਆਈ ਐਫ ਅਤੇ ਪੀ ਐੱਮ ਐੱਮ ਐੱਲ ਨੂੰ ਅਤਿਵਾਦੀ ਸੰਗਠਨ ਐਲਾਨਿਆ ਹੈ। ਫਿਰ ਵੀ ਇਸਲਾਮਾਬਾਦ ਉਨ੍ਹਾਂ ਨੂੰ ਬਗ਼ੈਰ ਸਜ਼ਾ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਜਦੋਂ ਪਾਬੰਦੀਆਂ ਲੱਗਣ ਦੀ ਨੌਬਤ ਆਉਂਦੀ ਹੈ ਤਾਂ ਖੁ਼ਦ ਨੂੰ ਪੀੜਤ ਆਖਦਾ ਹੈ।