ਧੌਲਾਧਾਰ ਦੀਆਂ ਚੋਟੀਆਂ ’ਤੇ ਬਰਫ਼ਬਾਰੀ ਨਾਲ ਹਿਮਾਚਲ ਵਿਚ ਠੰਢ ਦੀ ਦਸਤਕ
Himachal Weather: ਹਿਮਾਚਲ ਪ੍ਰਦੇਸ਼ ਵਿਚ ਧੌਲਾਧਾਰ ਦੀਆਂ ਪਹਾੜੀਆਂ ਵਿੱਚ ਤਾਜ਼ਾ ਬਰਫ਼ਬਾਰੀ ਅਤੇ ਕਾਂਗੜਾ ਤੇ ਚੰਬਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਪੂਰੀ ਰਾਤ ਪਏ ਮੀਂਹ ਕਾਰਨ ਪਹਾੜੀ ਕਸਬਿਆਂ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਮੌਸਮ ਵਿੱਚ ਇਸ ਤਬਦੀਲੀ ਨਾਲ ਸੂਬੇ ਵਿਚ ਸਰਦੀਆਂ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ।
ਧਰਮਸ਼ਾਲਾ, ਮੈਕਲੋਡਗੰਜ, ਕਾਂਗੜਾ, ਪਾਲਮਪੁਰ, ਡਲਹੌਜ਼ੀ, ਚੰਬਾ ਅਤੇ ਭਰਮੌਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਗਰਮੀ ਦੀ ਥਾਂ ਸੀਤ ਹਵਾਵਾਂ ਅਤੇ ਠੰਢ ਨੇ ਲੈ ਲਈ ਹੈ। ਮੌਸਮ ਵਿਭਾਗ ਅਨੁਸਾਰ ਧਰਮਸ਼ਾਲਾ ਅਤੇ ਮੈਕਲੋਡਗੰਜ ਵਿੱਚ 25.5 ਮਿਲੀਮੀਟਰ, ਪਾਲਮਪੁਰ ਵਿੱਚ 10.2 ਮਿਲੀਮੀਟਰ, ਕਾਂਗੜਾ ਵਿੱਚ 18.4 ਮਿਲੀਮੀਟਰ ਅਤੇ ਚੰਬਾ ਵਿੱਚ 4 ਮਿਲੀਮੀਟਰ ਮੀਂਹ ਪਿਆ।
ਘੱਟੋ-ਘੱਟ ਤਾਪਮਾਨ ਵਿੱਚ ਵੀ ਕਾਫ਼ੀ ਨਿਘਾਰ ਦੇਖਣ ਨੂੰ ਮਿਲਿਆ। ਧਰਮਸ਼ਾਲਾ ਵਿੱਚ 16.5 ਡਿਗਰੀ, ਮੈਕਲੋਡਗੰਜ ਵਿੱਚ 9.8, ਪਾਲਮਪੁਰ ਵਿੱਚ 11.5, ਕਾਂਗੜਾ ਵਿੱਚ 15.3, ਚੰਬਾ ਵਿੱਚ 16.8, ਡਲਹੌਜ਼ੀ ਵਿੱਚ 8.6 ਅਤੇ ਭਰਮੌਰ ਵਿੱਚ 13 ਡਿਗਰੀ ਸੈਲਸੀਅਤ ਤਾਪਮਾਨ ਦਰਜ ਕੀਤਾ ਗਿਆ। ਸਵੇਰ ਵੇਲੇ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪਿਆ, ਜਿਸ ਨਾਲ ਸੰਘਣੀ ਧੁੰਦ ਪੈ ਗਈ ਅਤੇ ਪਹਾੜੀ ਚੋਟੀਆਂ ’ਤੇ ਦਿਸਣ ਹੱਦ ਘੱਟ ਗਈ। ਧੌਲਾਧਰ ਰੇਂਜ ਦੀਆਂ ਬਰਫ਼ ਨਾਲ ਢਕੀਆਂ ਚੋਟੀਆਂ ਦੂਰੋਂ ਚਮਕਦੀਆਂ ਸਨ, ਜਿਸ ਨਾਲ ਸੈਲਾਨੀਆਂ ਅਤੇ ਫੋਟੋਗ੍ਰਾਫ਼ਰਾਂ ਲਈ ਇਹ ਨਜ਼ਾਰਾ ਦਿਲਚਸਪ ਬਣ ਗਿਆ।
ਧਰਮਸ਼ਾਲਾ ਦੇ ਸਥਾਨਕ ਲੋਕਾਂ ਨੇ ਅਚਾਨਕ ਆਈ ਠੰਢ ਨੂੰ ‘ਸਰਦੀਆਂ ਅਗਾਊਂ ਆਉਣ ਦਾ ਸੰਕੇਤ’ ਦੱਸਿਆ। ਸੈਰ-ਸਪਾਟਾ ਕਾਰੋਬਾਰੀਆਂ ਨੂੰ ਹਫਤੇ ਦੇ ਅੰਤ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧੇ ਦੀ ਉਮੀਦ ਹੈ, ਕਿਉਂਕਿ ਧੌਲਾਧਾਰ ਪਹਾੜਾਂ ਵਿੱਚ ਤਾਜ਼ਾ ਬਰਫ਼ਬਾਰੀ ਨੇ ਪਹਾੜਾਂ ਦੀ ਸੁੰਦਰਤਾ ਨੂੰ ਵਧਾ ਦਿੱਤਾ ਹੈ।