ਕਸ਼ਮੀਰ ਵਿਚ ਠੰਢ ਨੇ ਜ਼ੋਰ ਫੜਿਆ, ਕਈ ਥਾਵਾਂ ’ਤੇ ਪਾਰਾ ਮਨਫੀ ਤੋਂ ਹੇਠਾਂ
ਕਸ਼ਮੀਰ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਲੰਘੀ ਰਾਤ ਤਾਪਮਾਨ ਮਨਫੀ 3.9 ਡਿਗਰੀ ਸੀ, ਜੋ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਸੀ। ਵਾਦੀ ਦੇ ਬਹੁਤੇ ਹਿੱਸਿਆਂ ਵਿਚ ਪਾਰਾ ਮਨਫੀ ਤੋਂ ਹੇਠਾਂ ਰਿਹਾ। ਸ੍ਰੀਨਗਰ ਵਿਚ ਰਾਤ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਘੱਟ ਸੀ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਕੋਨੀਬਲ ਵਾਦੀ ਦਾ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਤਾਪਮਾਨ ਮਨਫੀ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪਹਿਲਗਾਮ ਟੂਰਿਸਟ ਰਿਜ਼ੋਰਟ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਾਦੀ ਦੇ ਦਾਖਲਾ ਦੁਆਰ ਕਹੇ ਜਾਂਦੇ ਕਾਜ਼ੀਗੁੰਡ ਵਿੱਚ ਮਨਫੀ 3.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ 2 ਦਸੰਬਰ ਤੱਕ ਕਸ਼ਮੀਰ ਭਰ ਵਿੱਚ ਮੁੱਖ ਤੌਰ 'ਤੇ ਖੁਸ਼ਕ ਮੌਸਮ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਵਿੱਚ ਰਾਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦੀ ਸੰਭਾਵਨਾ ਹੈ।
