Cloud burst in Uttarkashi: ਉੱਤਰਕਾਸ਼ੀ ’ਚ ਬੱਦਲ ਫਟਣ ਕਾਰਨ ਦੋ ਦੀ ਮੌਤ, ਸੱਤ ਲਾਪਤਾ
ਉੱਤਰਕਾਸ਼ੀ, ਰੁਦਰਪ੍ਰਯਾਗ, ਦੇਹਰਾਦੂਨ ਸਣੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਲਈ ਰੈੱਡ ਅਲਰਟ ਜਾਰੀ
ਨਵੀਂ ਦਿੱਲੀ /ਸ਼ਿਮਲਾ/ਉੱਤਰਕਾਸ਼ੀ, 29 ਜੂਨ
ਲਗਾਤਾਰ ਪੈ ਰਹੇ ਮੀਂਹ ਦਰਮਿਆਨ ਉੱਤਰਕਾਸ਼ੀ ਜ਼ਿਲ੍ਹੇ ਵਿਚ ਯਮੁਨੋਤਰੀ ਕੌਮੀ ਸ਼ਾਹਰਾਹ ਉੱਤੇ ਬੜਕੋਟ ਖੇਤਰ ਵਿਚ ਪਾਲੀਗਾੜ ਤੇ ਓਜਰੀ ਡਾਬਰਕੋਟ ਵਿਚਾਲੇ ਸਿਲਾਈ ਬੈਂਡ ਕੋਲ ਬੱਦਲ ਫਟਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਲਾਪਤਾ ਹੋ ਗਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਮੀਂਹ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਣ ਲਈ ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਪਹੁੰਚੇ ਹਨ।
ਸੂਬੇ ਵਿੱਚ ਮੀਂਹ ਅਤੇ ਢਿੱਗਾਂ ਡਿੱਗਣ ਸਮੇਤ ਹੋਰ ਕੁਦਰਤੀ ਆਫ਼ਤਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਚਾਰਧਾਮ ਯਾਤਰਾ 24 ਘੰਟਿਆਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ ਕਿ ਇਹ ਫੈਸਲਾ ਮੌਜੂਦਾ ਮੌਸਮੀ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਬੱਦਲ ਫਟਣ ਕਾਰਨ ਯਮੁਨੋਤਰੀ ਹਾਈਵੇਅ ਸਿਲਾਈ ਬੈਂਡ ਤੋਂ ਇਲਾਵਾ ਦੋ-ਤਿੰਨ ਹੋਰ ਥਾਵਾਂ ’ਤੇ ਬੰਦ ਹੈ। ਇਸ ਦੇ ਨਾਲ ਹੀ ਓਜਰੀ ਨੇੜੇ ਸੜਕੀ ਸੰਪਰਕ ਵੀ ਟੁੱਟ ਗਿਆ ਹੈ।
ਬੱਦਲ ਫਟਣ ਮਗਰੋਂ ਸਿਲਾਈ ਬੈਂਡ ਤੋਂ ਇਲਾਵਾ ਯਮੁਨੋਤਰੀ ਸ਼ਾਹਰਾਹ ਦੋ ਤਿੰਨ ਥਾਵਾਂ ’ਤੇ ਬੰਦ ਹੋ ਗਿਆ ਹੈ, ਜਿਸ ਨੂੰ ਕੌਮੀ ਸ਼ਾਹਰਾਹ ਦੀ ਟੀਮ ਖੋਲ੍ਹਣ ਵਿਚ ਲੱਗੀ ਹੋਈ ਹੈ।
ਯਮੁਨੋਤਰੀ ਕੌਮੀ ਸ਼ਾਹਰਾਹ ’ਤੇ ਪਾਲੀਗੜ੍ਹ ਤੋਂ ਕਰੀਬ 4-5 ਕਿਲੋਮੀਟਰ ਅੱਗੇ ਸਿਲਾਈ ਬੰਦ ਨੇੜੇ ਭਾਰੀ ਮੀਂਹ (ਢਿੱਗਾਂ ਡਿੱਗਣ) ਕਾਰਨ 9 ਮਜ਼ਦੂਰ ਲਾਪਤਾ ਦੱਸੇ ਜਾ ਰਹੇ ਹਨ। ਪੁਲੀਸ, ਐੱਸਡੀਆਰਐੱਫ, ਐੱਨਡੀਆਰਐੱਫ, ਮਾਲੀਆ, ਐੱਨਐੱਚ ਬਡਕੋਟ, ਸਿਹਤ ਵਿਭਾਗ ਆਦਿ ਟੀਮਾਂ ਰਾਹਤ, ਖੋਜ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ।
ਜ਼ਿਲ੍ਹਾ ਆਫ਼ਤ ਕੰਟਰੋਲ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਤਾਰ ਮੀਂਹ ਕਾਰਨ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ, ਜਦੋਂ ਕਿ ਸਯਾਨਾਚੱਟੀ ਵਿੱਚ ਕੁਪੜਾ ਕੁੰਸ਼ਾਲਾ ਤ੍ਰਿਖਿਲੀ ਮੋਟਰ ਪੁਲ ਵੀ ਖ਼ਤਰੇ ਵਿੱਚ ਆ ਗਿਆ ਹੈ।
ਜਾਣਕਾਰੀ ਮੁਤਾਬਕ ਕੁਥਨੌਰ ਵਿੱਚ ਵੀ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਸਥਾਨਕ ਪਿੰਡ ਵਾਸੀਆਂ ਦੀ ਖੇਤੀਬਾੜੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਖੇਤ ਮਲਬੇ ਨਾਲ ਭਰ ਗਏ ਹਨ। ਹਾਲਾਂਕਿ, ਕੁਥਨੌਰ ਵਿੱਚ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਡੰਗਰ ਵੱਛੇ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। -ਪੀਟੀਆਈ