ਕਠੂਆ ਵਿਚ ਦੂਰ-ਦੁਰਾਡੇ ਪਿੰਡ ’ਚ ਬੱਦਲ ਫਟਿਆ; 7 ਮੌਤਾਂ, 6 ਜ਼ਖ਼ਮੀ
ਕਠੂਆਂ ਦੇ ਦੂਰ-ਦੁਰਾਡੇ ਇਕ ਪਿੰਡ ਵਿਚ ਬੱਦਲ ਫਟਣ ਨਾਲ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ ਛੇ ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਬੱਦਲ ਫਟਣ ਨਾਲ ਬੀਤੀ ਰਾਤ ਤੋਂ ਜਾਰੀ ਮੀਂਹ ਦਰਮਿਆਨ ਪਿੰਡ ਨਾਲ ਸੰਪਰਕ ਟੁੱਟ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਜ਼ਿਲ੍ਹੇ ਦੇ ਰਾਜਬਾਗ ਖੇਤਰ ਦੇ ਜੋੜ ਘਾਟੀ ਵਿੱਚ ਬੱਦਲ ਫਟਣ ਕਾਰਨ ਪਿੰਡ ਤੱਕ ਸੰਪਰਕ ਟੁੱਟ ਗਿਆ ਅਤੇ ਜ਼ਮੀਨ-ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਐੱਸਡੀਆਰਐਫ ਦੀ ਇੱਕ ਸਾਂਝੀ ਟੀਮ ਪਿੰਡ ਲਈ ਰਵਾਨਾ ਕੀਤੀ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਕਠੂਆ ਪੁਲੀਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਬਾਗੜ ਅਤੇ ਚਾਂਗਦਾ ਪਿੰਡਾਂ ਅਤੇ ਲਖਨਪੁਰ ਪੁਲੀਸ ਥਾਣੇ ਅਧੀਨ ਦਿਲਵਾਨ-ਹੁਟਲੀ ਵਿੱਚ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਨੁਕਸਾਨ ਦੀ ਕੋਈ ਵੱਡੀ ਰਿਪੋਰਟ ਨਹੀਂ ਹੈ।
ਭਾਰੀ ਮੀਂਹ ਕਾਰਨ ਬਹੁਤੇ ਨਦੀਆਂ ਨਾਲਿਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ ਅਤੇ ਉਝ ਨਦੀ ਖ਼ਤਰੇ ਦੇ ਨਿਸ਼ਾਨ ਨੇੜੇ ਵਗ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਲੋਕਾਂ ਨੂੰ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਗਈ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਠੂਆ ਵਿੱਚ ਬੱਦਲ ਫਟਣ ਦੀ ਘਟਨਾ ਬਾਰੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲ ਕੀਤੀ ਅਤੇ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਸ਼ਾਹ ਨੇ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਕਠੂਆ ਵਿੱਚ ਬੱਦਲ ਫਟਣ ਸਬੰਧੀ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਗੱਲ ਕੀਤੀ। ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਵੀ ਘਟਨਾ ਸਥਾਨ ’ਤੇ ਭੇਜਿਆ ਗਿਆ ਹੈ। ਮੋਦੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ ਹੈ। ਅਸੀਂ ਜੰਮੂ-ਕਸ਼ਮੀਰ ਦੀਆਂ ਆਪਣੀਆਂ ਭੈਣਾਂ ਅਤੇ ਭਰਾਵਾਂ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੇ ਹਾਂ।’’