ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੋਣ ਦਾ ਦਾਅਵਾ
ਬਰਤਾਨੀਆ ਦੇ ਜਾਸੂਸਾਂ ਦੀ ਰਿਪੋਰਟ ਦੇ ਆਧਾਰ ’ਤੇ ਕੈਨੇਡਾ ਦੇ ਅਧਿਕਾਰੀਆਂ ਨੇ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੋਣ ਦੇ ਦੋਸ਼ ਲਾਏ ਸਨ। ਇਸ ਹਫ਼ਤੇ ਜਾਰੀ ਨਵੀਂ ਦਸਤਾਵੇਜ਼ੀ ’ਚ ਇਹ ਦਾਅਵਾ ਕੀਤਾ ਗਿਆ ਹੈ। ‘ਬਲੂਮਬਰਗ ਓਰੀਜਨਲਸ’ ਦੀ ਭਾਰਤ ਦੇ ਪੱਛਮ ਨਾਲ ਵਿਗੜੇ ਸਬੰਧਾਂ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਰਤਾਨਵੀ ਖ਼ੁਫ਼ੀਆ ਏਜੰਸੀ ਨੇ ਕੁਝ ਗੁਪਤ ਕਾਲਾਂ ਨੂੰ ਸੁਣਿਆ ਸੀ, ਜਿਨ੍ਹਾਂ ’ਚ ਕੁਝ ਵਿਅਕਤੀ ਤਿੰਨ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਚਰਚਾ ਕਰ ਰਹੇ ਸਨ। ਬਰਤਾਨੀਆ ਨੇ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਸਬੰਧੀ ਹੋਏ ਸਮਝੌਤੇ ਤਹਿਤ ਕੈਨੇਡਾ ਦੇ ਅਧਿਕਾਰੀਆਂ ਨੂੰ ਤਿੰਨ ਆਗੂਆਂ ਦੇ ਨਾਮ ਸਾਂਝੇ ਕੀਤੇ ਸਨ, ਜਿਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਸੂਹ ਮਿਲੀ ਸੀ। ਵੀਡੀਓ ਦਸਤਾਵੇਜ਼ੀ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਤਰਫ਼ੋਂ ਕੰਮ ਕਰ ਰਹੇ ਕੁਝ ਬੰਦੇ ਆਪਸ ’ਚ ਗੱਲਬਾਤ ਕਰ ਰਹੇ ਸਨ, ਜਿਨ੍ਹਾਂ ਦੀ ਗੱਲ ਨੂੰ ਸੁਣ ਲਿਆ ਗਿਆ। ਦਸਤਾਵੇਜ਼ੀ ਮੁਤਾਬਕ ਉਹ ਤਿੰਨ ਸੰਭਾਵੀ ਨਿਸ਼ਾਨਿਆਂ ਨਿੱਝਰ, ਅਤਵਾਰ ਸਿੰਘ ਖੰਡਾ ਅਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਚਰਚਾ ਕਰ ਰਹੇ ਸਨ। ਬਾਅਦ ’ਚ ਇਕ ਹੋਰ ਗੱਲਬਾਤ ਸਾਹਮਣੇ ਆਈ ਕਿ ਕਿਵੇਂ ਨਿੱਝਰ ਨੂੰ ਸਫ਼ਲਤਾਪੂਰਵਕ ਮਾਰ ਮੁਕਾਇਆ ਗਿਆ ਹੈ। ਬਰਤਾਨਵੀ ਖ਼ਾਲਿਸਤਾਨੀ ਆਗੂ ਖੰਡਾ ਦੀ ਬਰਮਿੰਘਮ ਦੇ ਹਸਪਤਾਲ ’ਚ ਜੂਨ 2023 ’ਚ ਮੌਤ ਹੋ ਗਈ ਸੀ। ਉਹ ਬਲੱਡ ਕੈਂਸਰ ਤੋਂ ਪੀੜਤ ਸੀ ਅਤੇ ਕੁਝ ਜਥੇਬੰਦੀਆਂ ਨੇ ਦੋਸ਼ ਲਾਏ ਸਨ ਕਿ ਉਸ ਨੂੰ ਜਾਨੋਂ ਮਾਰਿਆ ਗਿਆ ਹੈ ਪਰ ਬਰਤਾਨਵੀ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਦਸਤਾਵੇਜ਼ੀ ਨਸ਼ਰ ਹੋਣ ਮਗਰੋਂ ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਕਿ ਉਸ ਨੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਬਰਤਾਨੀਆ ਸਰਕਾਰ ਕੋਲ ਜੁਲਾਈ 2023 ਤੋਂ ਖ਼ੁਫ਼ੀਆ ਜਾਣਕਾਰੀ ਹੋਣ ਦੇ ਬਾਵਜੂਦ ਇਸ ਨੂੰ ਪਹਿਲਾਂ ਕਿਉਂ ਨਹੀਂ ਸਾਂਝਾ ਕੀਤਾ ਗਿਆ। ਦਸਤਾਵੇਜ਼ੀ ’ਚ ਅਮਰੀਕਾ ਅਧਾਰਿਤ ਪੰਨੂ, ਜਿਸ ਨੂੰ ਭਾਰਤ ਵੱਲੋਂ ਅਤਿਵਾਦੀ ਨਾਮਜ਼ਦ ਕੀਤਾ ਗਿਆ ਹੈ, ਦੀ ਇੰਟਰਵਿਊ ਵੀ ਹੈ, ਜਿਸ ’ਚ ਹਥਿਆਰਬੰਦ ਅੰਗ-ਰੱਖਿਅਕਾਂ ਨਾਲ ਘਿਰਿਆ ਹੋਇਆ ਉਹ ਆਖਦਾ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਨਿੱਝਰ ਦੀ ਹੱਤਿਆ ਮਗਰੋਂ ਭਾਰਤ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਵਿਗੜ ਗਏ ਸਨ ਅਤੇ ਦੋਵੇਂ ਮੁਲਕਾਂ ਨੇ ਆਪੋ-ਆਪਣੇ ਸਫ਼ੀਰ ਵੀ ਵਾਪਸ ਸੱਦ ਲਏ ਸਨ।
