ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ ਘਟਣ ਦਾ ਦਾਅਵਾ
ਗ੍ਰਹਿ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਨਕਸਲੀਆਂ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ ਛੇ ਤੋਂ ਘਟ ਕੇ ਤਿੰਨ ਰਹਿ ਗਈ ਹੈ। ਹੁਣ ਛੱਤੀਸਗੜ੍ਹ ’ਚ ਬੀਜਾਪੁਰ, ਸੁਕਮਾ ਤੇ ਨਾਰਾਇਣਪੁਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਹਨ। ਗ੍ਰਹਿ ਮੰਤਰਾਲੇ ਦਾ ਇਹ ਬਿਆਨ ਛੱਤੀਸਗੜ੍ਹ ਤੇ ਮਹਾਰਾਸ਼ਟਰ ਵਿੱਚ ਮਾਓਵਾਦੀਆਂ ਦੇ 139 ਮੈਂਬਰਾਂ ਵੱਲੋਂ ਆਤਮ-ਸਮਰਪਣ ਕਰਨ ਮਗਰੋਂ ਆਇਆ ਹੈ। ਬਿਆਨ ਵਿੱਚ ਕਿਹਾ ਗਿਆ ਕਿ ਮੋਦੀ ਸਰਕਾਰ 31 ਮਾਰਚ 2026 ਤੱਕ ਨਕਸਲੀ ਖੇਤਰਾਂ ਦੇ ਪੂਰਨ ਖਾਤਮੇ ਲਈ ਵਚਨਬੱਧ ਹੈ। ਮੰਤਰਾਲੇ ਦਾ ਦਾਅਵਾ ਹੈ ਕਿ 2013 ’ਚ ਵੱਖ-ਵੱਖ ਰਾਜਾਂ ਦੇ 126 ਜ਼ਿਲ੍ਹਿਆਂ ਵਿੱਚ ਨਕਸਲੀਆਂ ਦੀ ਭਰਮਾਰ ਸੀ, ਪਰ ਮਾਰਚ 2025 ਤੱਕ ਇਹ ਗਿਣਤੀ ਘਟ ਕੇ 18 ਜ਼ਿਲ੍ਹਿਆਂ ਤੱਕ ਰਹਿ ਗਈ ਸੀ।
ਨਕਸਲੀਆਂ ਵਿਰੁੱਧ ਵਿੱਢੀ ਮੁਹਿੰਮ ਦੇ ਪ੍ਰਭਾਵ ਤਹਿਤ ਅੱਜ ਛੱਤੀਸਗੜ੍ਹ ਦੇ ਜ਼ਿਲ੍ਹਾ ਸੁਕਮਾ ਤੇ ਕਾਂਕੇਰ ਵਿੱਚ 78 ਨਕਸਲੀਆਂ ਨੇ ਆਤਮ-ਸਪਰਪਣ ਕੀਤਾ ਹੈ। ਬਸਤਰ ਖੇਤਰ ’ਚ ਨਕਸਲੀਆਂ ਨੇ ਅਧਿਕਾਰੀਆਂ ਨੂੰ ਸੱਤ ਏ ਕੇ-47 ਰਾਈਫ਼ਲਾਂ ਸਣੇ ਤਿੰਨ ਦਰਜਨ ਤੋਂ ਵੱਧ ਹਥਿਆਰ ਜਮ੍ਹਾਂ ਵੀ ਕਰਵਾਏ ਹਨ। ਇਸ ਦੌਰਾਨ ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਨੇ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਕਸਲਵਾਦ ਖ਼ਤਮ ਹੋ ਰਿਹਾ ਹੈ। ਬੀਤੇ ਦਿਨੀਂ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਨਕਸਲੀਆਂ ਦੇ ਚੋਟੀ ਦੇ ਆਗੂ ਭੂਪਤੀ ਸਣੇ 61 ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਸੀ। ਅੱਜ ਸੁਕਮਾ ਜ਼ਿਲ੍ਹੇ ’ਚ ਦਸ ਔਰਤਾਂ ਸਣੇ 27 ਨਕਸਲੀਆਂ ਨੇ ਹਥਿਆਰ ਸੁੱਟੇ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 16 ਨਕਸਲੀਆਂ ’ਤੇ 50 ਲੱਖ ਰੁਪਏ ਦਾ ਇਨਾਮ ਸੀ। ਇਸੇ ਦੌਰਾਨ ਮਹਾਰਾਸ਼ਟਰ ਦੀ ਲੌਇਡਜ਼ ਮੈਟਲਜ਼ ਐਂਡ ਐਨਰਜੀ ਲਿਮਟਿਡ ਕੰਪਨੀ ਨੇ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਸਿਖਲਾਈ ਦੇਣ ਅਤੇ ਬਾਅਦ ਵਿੱਚ ਨੌਕਰੀਆਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬੀ ਪ੍ਰਭਾਕਰਨ ਨੇ ਇਹ ਪੇਸ਼ਕਸ਼ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਕੀਤੀ ਹੈ। -ਪੀਟੀਆਈ