ਸੀਆਈਐੱਸਐੱਫ ਟੀਮ ਦਾ ਨੰਗਲ ਦੌਰਾ 11 ਤੋਂ
ਬੀਬੀਐੱਮਬੀ ਦੇ ਟਿਕਾਣਿਆਂ ’ਤੇ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਜਵਾਨਾਂ ਦੀ ਤਾਇਨਾਤੀ ’ਚ ਤੇਜ਼ੀ ਲਿਆਉਣ ਲਈ ਫੋਰਸ ਦੀ ਟੀਮ 11 ਅਤੇ 12 ਅਗਸਤ ਨੂੰ ਨੰਗਲ ਦਾ ਦੌਰਾ ਕਰੇਗੀ। ਸੀਆਈਐੱਸਐੱਫ ਦੇ ਆਈਜੀ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਇਲਾਕੇ ’ਚ ਜਵਾਨਾਂ ਲਈ ਤਿਆਰ ਕੀਤੇ ਜਾ ਰਹੇ ਘਰਾਂ ਦਾ ਨਿਰੀਖਣ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਬੀਬੀਐੱਮਬੀ ਦੇ ਅਧਿਕਾਰੀਆਂ ਨੇ ਸੀਆਈਐੱਸਐੱਫ ਦੇ ਜਵਾਨਾਂ ਲਈ ਤੈਅ ਕੀਤੇ ਗਏ ਘਰਾਂ ਨੂੰ ਤਿਆਰ ਕਰਨ ਦਾ ਕੰਮ ਤੇਜ਼ ਕਰ ਦਿੱਤਾ ਹੈ। ਘਰਾਂ ਦੀ ਮੁਰੰਮਤ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ। ਸੀਆਈਐੱਸਐੱਫ ਦੇ ਕੁਝ ਅਧਿਕਾਰੀਆਂ ਨੇ ਅੱਜ ਘਰਾਂ ਦਾ ਦੌਰਾ ਕੀਤਾ। ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਬੀਬੀਐੱਮਬੀ, ਸੀਆਈਐੱਸਐੱਫ ਦੇ ਜਵਾਨਾਂ ਦੀ ਤਾਇਨਾਤੀ ਲਈ ਬਜ਼ਿੱਦ ਹੈ। ਬੀਬੀਐੱਮਬੀ ਪ੍ਰਬੰਧਨ ਨੇ ਨੰਗਲ ’ਚ ਆਪਣੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਸੀਆਈਐੱਸਐੱਫ ਦੇ ਜਵਾਨਾਂ ਨੂੰ ਨੰਗਲ ਟਾਊਨ ਦੇ ਸੀਸੀ, ਐੱਚਐੱਚ, ਐੱਚ, ਜੀਜੀ ਅਤੇ ਡੀਡੀ ਬਲਾਕਾਂ ’ਚ ਘਰ ਦੇਣ ਲਈ ਕਿਹਾ ਹੈ। ਇਨ੍ਹਾਂ ਬਲਾਕਾਂ ’ਚ ਰਹਿੰਦੇ ਮੁਲਾਜ਼ਮਾਂ ਨੂੰ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਹੋਰ ਥਾਵਾਂ ’ਤੇ ਘਰ ਦਿੱਤੇ ਜਾਣਗੇ। ਸੀਆਈਐੱਸਐੱਫ ਨੇ ਬੀਬੀਐੱਮਬੀ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਨੰਗਲ ਟਾਊਨ ’ਚ ਇਕ ਕਮਾਂਡੈਂਟ, ਦੋ ਸਹਾਇਕ ਕਮਾਂਡੈਂਟਾਂ, ਤਿੰਨ ਇੰਸਪੈਕਟਰਾਂ, 8 ਸਬ-ਇੰਸਪੈਕਟਰਾਂ, 20 ਏਐੱਸਆਈਜ਼, 35 ਹੈੱਡ ਕਾਂਸਟੇਬਲਾਂ ਅਤੇ 73 ਕਾਂਸਟੇਬਲਾਂ ਸਮੇਤ 142 ਜਵਾਨਾਂ ਨੂੰ ਰਿਹਾਇਸ਼ ਮੁਹੱਈਆ ਕਰਵਾਏ। ਸੂਤਰਾਂ ਨੇ ਕਿਹਾ ਕਿ ਸੀਆਈਐੱਸਐੱਫ ਦੇ ਬਾਕੀ ਜਵਾਨਾਂ ਨੂੰ ਤਲਵਾੜਾ ਟਾਊਨ ’ਚ ਬੀਬੀਐੱਮਬੀ ਦੇ ਟਿਕਾਣੇ ’ਤੇ ਤਾਇਨਾਤ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਸੀਆਈਐੱਸਐੱਫ ਦੇ ਜਵਾਨ ਭਾਖੜਾ ਡੈਮ, ਨੰਗਲ ਡੈਮ ਅਤੇ ਪੌਂਗ ਡੈਮ ਦੀ ਸੁਰੱਖਿਆ ਲਈ ਤਾਇਨਾਤ ਹੋਣਗੇ।