ਭਾਖੜਾ ਡੈਮ ਦੀ ਸੁਰੱਖਿਆ ਲਈ ਨੰਗਲ ਪੁੱਜੀ ਸੀਆਈਐੱਸਐੱਫ
ਕੇਂਦਰੀ ਸਨਅਤੀ ਸੁਰੱਖਿਆ ਬਲ (ਸੀ ਆਈ ਐੱਸ ਐੱਫ) ਦੇ 200 ਜਵਾਨਾਂ ਦੀ ਟੀਮ ਭਾਖੜਾ ਬੰਨ੍ਹ ਦੀ ਸੁਰੱਖਿਆ ਸੰਭਾਲਣ ਲਈ ਅੱਜ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਦੀ ਨੰਗਲ ਟਾਊਨਸ਼ਿਪ ’ਚ ਪਹੁੰਚਣੀ ਸ਼ੁਰੂ ਹੋ ਗਈ ਹੈ। ਭਾਖੜਾ ਬੰਨ੍ਹ ’ਤੇ ਉਨ੍ਹਾਂ ਦੀ ਅਧਿਕਾਰਤ ਤਾਇਨਾਤੀ 31 ਅਗਸਤ ਤੋਂ ਸ਼ੁਰੂ ਹੋਣੀ ਹੈ। ਉਨ੍ਹਾਂ ਦੀ ਆਮਦ ਨਾਲ ਇਹ ਵੱਕਾਰੀ ਪਣ-ਬਿਜਲੀ ਤੇ ਸਿੰਜਾਈ ਪ੍ਰਾਜੈਕਟ ਦੀ ਸੁਰੱਖਿਆ ਪ੍ਰਣਾਲੀ ’ਚ ਅਹਿਮ ਤਬਦੀਲੀ ਆਈ ਹੈ ਜਿਸ ਦੀ ਪੰਜਾਬ ’ਚ ਵਿਰੋਧੀ ਧਿਰ ਨੇ ਸਖ਼ਤ ਆਲੋਚਨਾ ਕੀਤੀ ਹੈ।
ਬੀ ਬੀ ਐੱਮ ਬੀ ਨੇ ਆਪਣੀ ਨੰਗਲ ਟਾਊਨਸ਼ਿਪ ’ਚ 90 ਰਿਹਾਇਸ਼ੀ ਘਰ ਤਿਆਰ ਕਰਕੇ ਸੀ ਆਈ ਐੱਸ ਐੱਫ ਲਈ ਪ੍ਰਬੰਧ ਕੀਤਾ ਸੀ। ਹਾਲਾਂਕਿ ਸੀ ਆਈ ਐੱਸ ਐੱਫ ਅਧਿਕਾਰੀਆਂ ਨੇ ਕਥਿਤ ਤੌਰ ਇਨ੍ਹਾਂ ਘਰਾਂ ਨੂੰ ਸਥਾਈ ਰਿਹਾਇਸ਼ ਲਈ ਨਕਾਰ ਦਿੱਤਾ ਹੈ ਅਤੇ ਇਸ ਦੀ ਥਾਂ ਹਿਮਾਚਲ ਪ੍ਰਦੇਸ਼ ਦੇ ਓਲੀਡਾ ਖੇਤਰ ’ਚ ਭਾਖੜਾ ਬੰਨ੍ਹ ਦੇ ਨੇੜੇ ਇੱਕ ਕਲੋਨੀ ਵਿਕਸਿਤ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਸੀ ਆਈ ਐੱਸ ਐੱਫ ਕਰਮੀਆਂ ਨੂੰ ਕਮਿਊਨਿਟੀ ਸੈਂਟਰ ਤੇ ਮੌਜੂਦਾ ਬੀ ਬੀ ਐੱਮ ਬੀ ਦੇ ਮਕਾਨਾਂ ’ਚ ਠਹਿਰਾਉਣ ਦਾ ਆਰਜ਼ੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਦੂਜੇ ਕਾਂਗਰਸ ਨੇ ਪੰਜਾਬ ਸਰਕਾਰ ’ਤੇ ਬੀ ਬੀ ਐੱਮ ਬੀ ’ਤੇ ਕੇਂਦਰੀ ਕੰਟਰੋਲ ਨੂੰ ਰੋਕਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਰੋਪੜ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਨੇ ਬੀ ਬੀ ਐੱਮ ਬੀ ’ਚ ਸੀ ਆਈ ਐੱਸ ਐੱਫ ਦੀ ਤਾਇਨਾਤੀ ਖ਼ਿਲਾਫ਼ ਸੂਬਾ ਸਰਕਾਰ ਦੇ ਮਤੇ ਨੂੰ ਸਰਬ ਸਹਿਮਤੀ ਨਾਲ ਹਮਾਇਤ ਦਿੱਤੀ ਸੀ। ਇਸ ਦੇ ਬਾਵਜੂਦ ਇਸ ਨੂੰ ਰੋਕਣ ਲਈ ਇੱਕ ਵੀ ਕਾਨੂੰਨੀ ਕਦਮ ਨਹੀਂ ਚੁੱਕਿਆ ਗਿਆ।