ਚੀਨ ਦਾ ਮੁੜ ਉਭਾਰ ਰੋਕਿਆ ਨਹੀਂ ਜਾ ਸਕਦਾ: ਜਿਨਪਿੰਗ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਕਿਹਾ ਕਿ ਚੀਨ ਦਾ ਮੁੜ ਉਭਾਰ “ਰੋਕਿਆ ਨਹੀਂ ਜਾ ਸਕਦਾ” ਕਿਉਂਕਿ ਦੇਸ਼ ਦੀ ਫੌਜ ਨੇ ਪਹਿਲੀ ਵਾਰ ਆਪਣੇ ਕੁਝ ਬਿਲਕੁਲ ਨਵੇਂ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ’ਚ ਪਰਮਾਣੂ ਬੈਲਿਸਟਿਕ ਮਿਜ਼ਾਈਲਾਂ, ਹਾਈਪਰਸੋਨਿਕ ਮਿਜ਼ਾਈਲਾਂ, ਲੰਬੀ-ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ, ਵੱਡੇ ਅੰਡਰ ਵਾਟਰ ਡਰੋਨ ਤੇ ਪੰਜਵੀਂ ਪੀੜ੍ਹੀ ਦੇ ਜਹਾਜ਼ ਸ਼ਾਮਲ ਹਨ। ਇਨ੍ਹਾਂ ’ਚ ਸਭ ਤੋਂ ਚਰਚਿਤ ਹਥਿਆਰ ਐੱਲ ਵਾਈ-1 ਲੇਜ਼ਰ ਵੀ ਸ਼ਾਮਲ ਸੀ ਜਿਸ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਚੀਨ ਦੀ ਫੌਜੀ ਤਾਕਤ ’ਚ ਵੱਡਾ ਵਾਧਾ ਹੋਵੇਗਾ। ਦੂਜੇ ਵਿਸ਼ਵ ਯੁੱਧ ਵਿੱਚ ਜਪਾਨੀ ਹਮਲੇ ਖ਼ਿਲਾਫ਼ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਪ੍ਰਭਾਵਸ਼ਾਲੀ ਪਰੇਡ ਨੂੰ ਸੰਬੋਧਨ ਕਰਦਿਆਂ ਸ਼ੀ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ ਐੱਲ ਏ) ਨੂੰ ਦੇਸ਼ ਦੇ ਮੁੜ ਉਭਾਰ ਲਈ ਰਣਨੀਤਕ ਸਹਾਇਤਾ ਪ੍ਰਦਾਨ ਕਰਨ ਅਤੇ ਵਿਸ਼ਵ ਸ਼ਾਂਤੀ ਤੇ ਵਿਕਾਸ ਲਈ ਵੱਡਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਚੀਨੀ ਫੌਜ ਨੇ ਪਹਿਲੀ ਵਾਰ ਪਰੇਡ ਵਿੱਚ ਆਪਣੇ ਕੁਝ ਸਭ ਤੋਂ ਉੱਨਤ ਫੌਜੀ ਸਾਜ਼ੋ-ਸਾਮਾਨ ਦਾ ਪ੍ਰਦਰਸ਼ਨ ਕੀਤਾ ਜੋ ਕਿ ਦੁਨੀਆ ਤੇ ਖਾਸ ਕਰਕੇ ਅਮਰੀਕਾ ਲਈ ਤਾਕਤ ਦਾ ਇੱਕ ਸਪੱਸ਼ਟ ਸ਼ਕਤੀ ਪ੍ਰਦਰਸ਼ਨ ਹੈ। ਸ਼ੀ, ਜੋ ਸੈਂਟਰਲ ਮਿਲਟਰੀ ਕਮਿਸ਼ਨ (ਸੀ ਐੱਮ ਸੀ), ਪੀ ਐੱਲ ਏ ਦੀ ਸਮੁੱਚੀ ਉੱਚ ਕਮਾਂਡ ਦੇ ਮੁਖੀ ਹਨ, ਨੇ ਚੀਨ ਦੀ ਫੌਜ ਨੂੰ ਆਪਣੇ ਆਪ ਨੂੰ ਇੱਕ ਵਿਸ਼ਵ-ਪੱਧਰੀ ਤਾਕਤ ਬਣਾਉਣ ਅਤੇ ਰਾਸ਼ਟਰੀ ਪ੍ਰਭੂਸੱਤਾ, ਏਕਤਾ ਅਤੇ ਖੇਤਰੀ ਅਖੰਡਤਾ ਦੀ ਦ੍ਰਿੜ੍ਹਤਾ ਨਾਲ ਰੱਖਿਆ ਕਰਨ ਲਈ ਕਿਹਾ। ਅਮਰੀਕਾ ਤੋਂ ਬਾਅਦ ਚੀਨ ਦੂਜਾ ਮੁਲਕ ਹੈ ਜੋ ਆਪਣੇ ਰੱਖਿਆ ਖੇਤਰ ’ਤੇ ਸਭ ਤੋਂ ਵੱਧ ਖਰਚ ਕਰਦਾ ਹੈ। ਇਸ ਸਾਲ ਇਸ ਦਾ ਸਾਲਾਨਾ ਰੱਖਿਆ ਬਜਟ 250 ਅਰਬ ਅਮਰੀਕੀ ਡਾਲਰ ਹੈ। ਪਰੇਡ ਦੌਰਾਨ ਫੌਜੀ ਸਾਜ਼ੋ-ਸਾਮਾਨ ਤੋਂ ਇਲਾਵਾ ਚੀਨ ਦੀ ਕੂਟਨੀਤਕ ਸ਼ਕਤੀ ਦਾ ਵੀ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਪਰੇਡ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਸਮੇਤ 26 ਮੁਲਕਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਪਰੇਡ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਵੀ ਹਾਜ਼ਰ ਸਨ। ਸੂਤਰਾਂ ਅਨੁਸਾਰ ਭਾਰਤ ਦੇ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਅਮਰੀਕੀ ਨੇਤਾਵਾਂ ਅਤੇ ਯੂਰਪੀ ਯੂਨੀਅਨ ਦੇ ਮੁਖੀਆਂ ਤੋਂ ਇਲਾਵਾ ਜਪਾਨ ਅਤੇ ਦੱਖਣੀ ਕੋਰੀਆ ਨੇ ਪਰੇਡ ਤੋਂ ਦੂਰੀ ਬਣਾਈ ਰੱਖੀ। ਪਰੇਡ ਵਿੱਚ ਵਿਦੇਸ਼ੀ ਨੇਤਾਵਾਂ ਦੀ ਮੌਜੂਦਗੀ ਜਪਾਨ ਅਤੇ ਚੀਨ ਵਿਚਕਾਰ ਇੱਕ ਕੂਟਨੀਤਕ ਵਿਵਾਦ ਦਾ ਕਾਰਨ ਬਣ ਗਈ ਹੈ ਕਿਉਂਕਿ ਟੋਕੀਓ ਨੇ ਵਿਸ਼ਵ ਨੇਤਾਵਾਂ ਨੂੰ ਇਸ ਪਰੇਡ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਸੀ।
ਆਪਣੇ ਭਾਸ਼ਣ ਵਿੱਚ, ਸ਼ੀ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਦੇ ਵਿਰੁੱਧ ਜਿੱਤ ਆਧੁਨਿਕ ਸਮਿਆਂ ਵਿੱਚ ਵਿਦੇਸ਼ੀ ਹਮਲੇ ਖ਼ਿਲਾਫ਼ ਚੀਨ ਦੀ ਪਹਿਲੀ ਸੰਪੂਰਨ ਜਿੱਤ ਹੈ। ਸ਼ੀ ਨੇ ਕਿਹਾ ਕਿ ਚੀਨੀ ਲੋਕਾਂ ਨੇ ਇਸ ਜੰਗ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਮਨੁੱਖੀ ਸੱਭਿਅਤਾ ਦੀ ਸੁਰੱਖਿਆ ਤੇ ਵਿਸ਼ਵ ਸ਼ਾਂਤੀ ਦੀ ਰੱਖਿਆ ਲਈ ਇੱਕ ਵੱਡਾ ਯੋਗਦਾਨ ਪਾਇਆ।
ਟਰੰਪ ਦਾ ਸ਼ੀ ’ਤੇ ਅਮਰੀਕਾ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼
ਵਾਸ਼ਿੰਗਟਨ/ਤਾਇਪੇ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ’ਤੇ ਅਮਰੀਕਾ ਖ਼ਿਲਾਫ਼ ‘ਸਾਜ਼ਿਸ਼ ਰਚਣ’ ਦਾ ਦੋਸ਼ ਲਗਾਇਆ ਹੈ, ਕਿਉਂਕਿ ਉੱਤਰੀ ਕੋਰਿਆਈ ਨੇਤਾ ਕਿਮ ਜੌਂਗ ਉਨ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਚੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫੌਜੀ ਪਰੇਡ ਵਿੱਚ ਸ਼ਿਰਕਤ ਕੀਤੀ ਹੈ। ਟਰੰਪ ਨੇ ਟਰੁੱਥ ਸੋਸ਼ਲ ’ਤੇ ਪੋਸਟ ਵਿੱਚ ਲਿਖਿਆ, ‘ਰਾਸ਼ਟਰਪਤੀ ਸ਼ੀ ਅਤੇ ਚੀਨ ਦੇ ਸ਼ਾਨਦਾਰ ਲੋਕਾਂ ਦਾ ਜਸ਼ਨ ਦਾ ਦਿਨ ਹੈ। ਕਿਰਪਾ ਕਰਕੇ ਵਲਾਦੀਮੀਰ ਪੂਤਿਨ ਅਤੇ ਕਿਮ ਜੌਂਗ ਉਨ ਨੂੰ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿਓ ਕਿਉਂਕਿ ਤੁਸੀਂ ਸੰਯੁਕਤ ਰਾਸ਼ਟਰ ਅਮਰੀਕਾ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਹੋ।’ ਇਸੇ ਦੌਰਾਨ ਤਾਇਵਾਨ ਦੇ ਰਾਸ਼ਟਰਪਤੀ ਵਿਲੀਅਮ ਲਾਈ ਨੇ ਆਪਣੀਆਂ ਸਰਹੱਦਾਂ ’ਤੇ ਵੱਧ ਰਹੀ ਚੀਨ ਦੀ ਘੁਸਪੈਠ ਬਾਰੇ ਗੱਲ ਕੀਤੀ। ਚੀਨ ਦੀ ਫੌਜੀ ਪਰੇਡ ’ਚ ਪੂਤਿਨ ਤੇ ਕਿਮ ਜੌਂਗ ਦੀ ਹਾਜ਼ਰੀ ਮਗਰੋਂ ਲਾਈ ਨੇ ਕਿਹਾ, ‘ਅਸੀਂ ਸਾਰੇ ਜਾਣਦੇ ਹਾਂ ਕਿ ਮੌਜੂਦਾ ਸੁਰੱਖਿਆ ਵਾਤਾਵਰਣ ਪਹਿਲਾਂ ਨਾਲੋਂ ਕਿਤੇ ਵੱਧ ਗੰਭੀਰ ਹੈ। ਹਾਲ ਹੀ ਦੇ ਸਾਲਾਂ ਵਿੱਚ ਚੀਨੀ ਕਮਿਊਨਿਸਟਾਂ ਨੇ ਤਾਇਵਾਨ ਦੀ ਖਾੜੀ ਦੇ ਆਲੇ-ਦੁਆਲੇ ਫੌਜੀ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਨਾਲ ਲਗਾਤਾਰ ਗਤੀਵਿਧੀਆਂ ਕੀਤੀਆਂ ਹਨ।’ -ਏਐੱਨਆਈ
ਅਮਰੀਕਾ ਖ਼ਿਲਾਫ਼ ਸਾਜ਼ਿਸ਼ ਨਹੀਂ ਰਚ ਰਹੇ ਪੂਤਿਨ: ਕ੍ਰੈਮਲਿਨ
ਮਾਸਕੋ: ਕ੍ਰੈਮਲਿਨ ਨੇ ਅੱਜ ਕਿਹਾ ਕਿ ਵਲਾਦੀਮੀਰ ਪੂਤਿਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨਾਲ ਮਿਲ ਕੇ ਅਮਰੀਕਾ ਖ਼ਿਲਾਫ਼ ਸਾਜ਼ਿਸ਼ ਨਹੀਂ ਰਚ ਰਹੇ ਸਨ। ਕ੍ਰੈਮਲਿਨ ਦੇ ਵਿਦੇਸ਼ ਨੀਤੀ ਸਹਾਇਕ ਯੂਰੀ ਉਸ਼ਾਕੋਵ ਨੇ ਕਿਹਾ ਕਿ ਟਰੰਪ ਵਿਅੰਗ ਕਰ ਰਹੇ ਹੋ ਸਕਦੇ ਹਨ। ਉਸ਼ਾਕੋਵ ਨੇ ਕਿਹਾ, ‘ਮੈਂ ਕਹਿਣਾ ਚਾਹਾਂਗਾ ਕਿ ਕੋਈ ਵੀ ਸਾਜ਼ਿਸ਼ ਨਹੀਂ ਰਚ ਰਿਹਾ। ਇਨ੍ਹਾਂ ਤਿੰਨਾਂ ਨੇਤਾਵਾਂ ਵਿੱਚੋਂ ਕਿਸੇ ਨੇ ਵੀ ਅਜਿਹਾ ਨਹੀਂ ਸੋਚਿਆ।’ -ਏਐੱਨਆਈ