ਅਮਰੀਕੀ ਐੱਚ-1ਬੀ ਵੀਜ਼ਾ ਦੀ ਫੀਸ ’ਚ ਵਾਧੇ ’ਤੇ ਚੀਨ ਨੇ ਚੁੱਪ ਵੱਟੀ
ਚੀਨ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਐੱਚ-1ਬੀ ਵੀਜ਼ਿਆਂ ’ਤੇ ਇੱਕ ਲੱਖ ਅਮਰੀਕੀ ਡਾਲਰ ਦੀ ਭਾਰੀ ਫੀਸ ਲਗਾਉਣ ਦੇ ਫੈਸਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਨਾਲੋ-ਨਾਲ ਉਸ ਨੇ ਦੁਨੀਆ ਭਰ ਦੇ ਪੇਸ਼ੇਵਰਾਂ ਨੂੰ ਆਪਣੇ ਦੇਸ਼ ਵਿੱਚ ਕੰਮ ਕਰਨ ਲਈ ਸੱਦਾ ਦਿੱਤਾ ਹੈ ਕਿਉਂਕਿ ਉਹ ਅਗਲੇ ਮਹੀਨੇ ਇੱਕ ਨਵਾਂ ਰੁਜ਼ਗਾਰ ਵੀਜ਼ਾ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਿਆਂ ’ਤੇ 1,00,000 ਅਮਰੀਕੀ ਡਾਲਰ ਦੀ ਫੀਸ ਦਾ ਐਲਾਨ ਕੀਤਾ ਸੀ। ਇਹ ਫੀਸ ਇੱਕ ਨਵੀਂ ਐੱਚ-1ਬੀ ਅਰਜ਼ੀ ਜਮ੍ਹਾਂ ਕਰਵਾਉਣ ’ਤੇ ਇੱਕ ਵਾਰ ਦੀ ਫੀਸ ਹੈ।
ਇੱਥੇ ਮੀਡੀਆ ਬ੍ਰੀਫਿੰਗ ਵਿੱਚ, ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੁਓ ਜਿਆਕੁਨ ਨੇ ਟਰੰਪ ਦੇ ਫੈਸਲੇ ਬਾਰੇ ਪੁੱਛਣ ’ਤੇ ਕਿਹਾ, “ਚੀਨ, ਅਮਰੀਕੀ ਵੀਜ਼ਾ ਨੀਤੀ ’ਤੇ ਟਿੱਪਣੀ ਨਹੀਂ ਕਰੇਗਾ।’’ ਹਾਲਾਂਕਿ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਸਰਹੱਦ ਪਾਰ ਦੀ ਪ੍ਰਤਿਭਾ ਵਿਸ਼ਵ ਪੱਧਰ ’ਤੇ ਤਕਨਾਲੋਜੀ ਅਤੇ ਆਰਥਿਕ ਤਰੱਕੀ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਪੇਈਚਿੰਗ ਦੁਨੀਆ ਭਰ ਦੇ ਪੇਸ਼ੇਵਰ ਪ੍ਰਤਿਭਾਸ਼ਾਲੀ ਲੋਕਾਂ ਦਾ ਦੇਸ਼ ਵਿੱਚ ਮੌਕੇ ਲੱਭਣ ਲਈ ਸਵਾਗਤ ਕਰਦਾ ਹੈ।’’