ਐੱਲਏਸੀ ਤੱਕ ਰੇਲ ਨੈੱਟਵਰਕ ਦੀ ਯੋਜਨਾ ਬਣਾ ਰਿਹੈ ਚੀਨ
ਚੀਨ ਸ਼ਿਨਜਿਆਂਗ ਸੂਬੇ ਨੂੰ ਤਿੱਬਤ ਨਾਲ ਜੋੜਨ ਲਈ ਸਭ ਤੋਂ ਵੱਕਾਰੀ ਰੇਲ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ ਅਤੇ ਇਸ ਦਾ ਇੱਕ ਹਿੱਸਾ ਭਾਰਤ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨੇੜਿਓਂ ਲੰਘੇਗਾ। ਮੀਡੀਆ ’ਚ ਆਈਆਂ ਖ਼ਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਹਾਂਗਕਾਂਗ ਤੋਂ ਪ੍ਰਕਾਸ਼ਿਤ ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਖ਼ਬਰ ਮੁਤਾਬਕ ਇਸ ਸਾਲ ਦੁਨੀਆ ਦੇ ਸਭ ਤੋਂ ਵੱਕਾਰੀ ਰੇਲ ਪ੍ਰਾਜੈਕਟਾਂ ’ਚੋਂ ਇੱਕ ’ਤੇ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਇਸ ਲਈ ਇੱਕ ਸਰਕਾਰੀ ਮਾਲਕੀ ਵਾਲੀ ਕੰਪਨੀ ਦੀ ਸਥਾਪਨਾ ਕੀਤੀ ਜਾਵੇਗੀ ਜੋ ਸ਼ਿਨਜਿਆਂਗ ਦੇ ਹੋਟਲ ਨੂੰ ਤਿੱਬਤ ਦੇ ਲਹਾਸਾ ਨਾਲ ਜੋੜਨ ਵਾਲੇ ਰੇਲ ਪ੍ਰਾਜੈਕਟ ਦੇ ਨਿਰਮਾਣ ਤੇ ਸੰਚਾਲਨ ਦੀ ਨਿਗਰਾਨੀ ਕਰੇਗੀ। ਸ਼ੰਘਾਈ ਸਕਿਓਰਿਟੀਜ਼ ਨਿਊਜ਼ ਦੇ ਹਵਾਲੇ ਨਾਲ ਦਿੱਤੀ ਗਈ ਖ਼ਬਰ ’ਚ ਕਿਹਾ ਗਿਆ ਹੈ ਕਿ ਸ਼ਿਨਜਿਆਂਗ-ਤਿੱਬਤ ਰੇਲਵੇ ਕੰਪਨੀ (ਐਕਸਟੀਆਰਸੀ) ਨੂੰ ਰਸਮੀ ਤੌਰ ’ਤੇ 95 ਅਰਬ ਯੁਆਨ (13.2 ਅਰਬ ਅਮਰੀਕੀ ਡਾਲਰ) ਦੀ ਪੂੰਜੀ ਨਾਲ ਰਜਿਸਟਰਡ ਕੀਤਾ ਗਿਆ ਹੈ ਅਤੇ ਪ੍ਰਾਜੈਕਟ ਦੇ ਨਿਰਮਾਣ ਲਈ ਇਸ ਦੀ ਮੁਕੰਮਲ ਮਾਲਕੀ ਚਾਈਨਾ ਸਟੇਟ ਰੇਲਵੇ ਗਰੁੱਪ ਕੋਲ ਹੈ। ਹੁਬੇਈ ਸਥਿਤ ਹੁਆਯੂਆਨ ਸਕਿਓਰਿਟੀਜ਼ ਨੇ ਲੰਘੇ ਸ਼ੁੱਕਰਵਾਰ ਨੂੰ ਇੱਕ ਪੱਤਰ ’ਚ ਕਿਹਾ, ‘ਇਸ ਵੱਕਾਰੀ ਪ੍ਰਾਜੈਕਟ ਦਾ ਟੀਚਾ 2035 ਤੱਕ ਲਹਾਸਾ ਕੇਂਦਰਿਤ ਪੰਜ ਹਜ਼ਾਰ ਕਿਲੋਮੀਟਰ ਲੰਮਾ ਪਠਾਰੀ ਰੇਲ ਢਾਂਚਾ ਸਥਾਪਤ ਕਰਨਾ ਹੈ।’