ਬੱਚਿਆਂ ਦੀ ਮੌਤ ਦਾ ਮਾਮਲਾ: ਖੰਘ ਦੀ ਦਵਾਈ ਲਿਖਣ ਵਾਲਾ ਡਾਕਟਰ ਗ੍ਰਿਫ਼ਤਾਰ
ਐੱਸ ਪੀ ਅਜੈ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਲਡਰਿਫ ਦਵਾਈ ਬਣਾਉਣ ਵਾਲੀ ਕੰਪਨੀ ਸ੍ਰੇਸਨ ਫਾਰਮਾਸਿਊਟੀਕਲ ਕਾਂਚੀਪੁਰਮ (ਤਾਮਿਲ ਨਾਡੂ)
ਤੇ ਡਾ. ਪ੍ਰਵੀਨ ਸੋਨੀ, ਜੋ ਸਰਕਾਰੀ ਡਾਕਟਰ ਹੋਣ ਦੇ ਬਾਵਜੂਦ ਪ੍ਰਾਈਵੇਟ ਕਲੀਨਿਕ ਵਿਚ ਪ੍ਰੈਕਟਿਸ ਕਰ ਰਿਹਾ ਸੀ ਤੇ ਜਿਸ ਨੇ ਬੱਚਿਆਂ ਲਈ ਇਹ ਖੰਘ ਦੀ ਦਵਾਈ ਲਿਖੀ ਸੀ, ਖ਼ਿਲਾਫ਼ ਪਰਸੀਆ ਪੁਲੀਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਐੱਸ ਪੀ ਨੇ ਕਿਹਾ ਕਿ ਕੋਤਵਾਲੀ ਪੁਲੀਸ ਥਾਣੇ ਦੀ ਵਿਸ਼ੇਸ਼ ਟੀਮ ਨੇ ਡਾ. ਸੋਨੀ ਨੂੰ ਸ਼ਨਿੱਚਰਵਾਰ ਦੇਰ ਰਾਤ ਛਿੰਦਵਾੜਾ ਦੇ ਰਾਜਪਾਲ ਚੌਕ ਤੋਂ ਗ੍ਰਿਫ਼ਤਾਰ ਕਰ ਲਿਆ। ਉੱਧਰ, ਮੱਧ ਪ੍ਰਦੇਸ਼ ਸਰਕਾਰ ਨੇ ਅੱਜ ਡਾ. ਸੋਨੀ ਨੂੰ ਸੇਵਾ ਤੋਂ ਮੁਅੱਤਲ ਕਰ ਦਿੱਤਾ ਹੈ। ਸਰਕਾਰੀ ਹੁਕਮਾਂ ਮੁਤਾਬਕ ਡਾ. ਸੋਨੀ ਨੂੰ ਸਿਹਤ ਵਿਭਾਗ ਦੇ ਜਬਲਪੁਰ ਸਥਿਤ ਖੇਤਰੀ ਦਫ਼ਤਰ ਨਾਲ ਜੋੜ ਦਿੱਤਾ ਗਿਆ ਹੈ।
ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਸੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾਕਟਰ ਤੇ ਫਾਰਮਾਸਿਊਟੀਕਲ ਕੰਪਨੀ ਖਿਲਾਫ਼ ਭਾਰਤੀ ਨਿਆਏ ਸੰਹਿਤਾ ਦੀ ਧਾਰਾ 276 ਤੇ ਧਾਰਾ 105 ਤਹਿਤ ਕੇਸ ਦਰਜ ਕੀਤਾ ਗਿਆ ਹੇੈ। ਉਨ੍ਹਾਂ ’ਤੇ ਡਰੱਗਜ਼ ਤੇ ਕਾਸਮੈਟਿਕ ਐਕਟ 1940 ਦੀ ਧਾਰਾ 27ਏ ਵੀ ਲਾਈ ਗਈ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਸ਼ਨਿਚਰਵਾਰ ਨੂੰ 14 ਬੱਚਿਆਂ ਦੇ ਪੀੜਤ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਮਨਜ਼ੂਰੀ ਦਿੱਤੀ ਹੈ।