ਮੁੱਖ ਮੰਤਰੀ ਯੋਗੀ ਘੁਸਪੈਠੀਆ, ਉਤਰਾਖੰਡ ਵਾਪਸ ਭੇਜਿਆ ਜਾਵੇ: ਅਖਿਲੇਸ਼
ਸਪਾ ਪ੍ਰਧਾਨ ਨੇ ਭਾਜਪਾ ’ਤੇ ਲਾਇਆ ਗ਼ਲਤ ਅੰਕਡ਼ੇ ਪੇਸ਼ ਕਰਨ ਦਾ ਦੋਸ਼
Advertisement
ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤੁਲਨਾ ਘੁਸਪੈਠੀਏ ਨਾਲ ਕਰਦਿਆਂ ਕਿਹਾ ਕਿ ਉਹ ਉਤਰਾਖੰਡ ਤੋਂ ਹਨ ਅਤੇ ਉਨ੍ਹਾਂ ਨੂੰ ਵਾਪਸ ਆਪਣੇ ਸੂਬੇ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਯਾਦਵ ਨੇ ਸਮਾਜਵਾਦੀ ਨੇਤਾ ਰਾਮ ਮਨੋਹਰ ਲੋਹੀਆ ਦੀ ਬਰਸੀ ਮੌਕੇ ਅੱਜ ਲਖਨਊ ਦੇ ਲੋਹੀਆ ਪਾਰਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਕੋਲ ਗ਼ਲਤ ਅੰਕੜੇ ਹਨ। ਉਨ੍ਹਾਂ ਕਿਹਾ, ‘‘ਜੇਕਰ ਉਨ੍ਹਾਂ ਦੇ ਅੰਕੜਿਆਂ ’ਤੇ ਭਰੋਸਾ ਕੀਤਾ ਜਾਵੇ ਤਾਂ ਆਦਮੀ ਭਟਕ ਜਾਵੇਗਾ।’’ਯਾਦਵ ਨੇ ਦਾਅਵਾ ਕੀਤਾ, ‘‘ਜੋ ਲੋਕ ਪਰਵਾਸ ਦੇ ਅੰਕੜੇ ਦੇ ਰਹੇ ਹਨ... ਸਾਡੇ ਉੱਤਰ ਪ੍ਰਦੇਸ਼ ਵਿੱਚ ਵੀ ਘੁਸਪੈਠੀਏ ਹਨ। ਮੁੱਖ ਮੰਤਰੀ ਉਤਰਾਖੰਡ ਤੋਂ ਹਨ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਉਤਰਾਖੰਡ ਭੇਜਿਆ ਜਾਵੇ। ਉਹ ਨਾ ਸਿਰਫ਼ ਘੁਸਪੈਠੀਏ ਹਨ, ਸਗੋਂ ਵਿਚਾਰਧਾਰਕ ਤੌਰ ’ਤੇ ਵੀ ਘੁਸਪੈਠੀਏ ਹਨ। ਉਹ (ਆਦਿਤਿਆਨਾਥ) ਭਾਜਪਾ ਦੇ ਮੈਂਬਰ ਨਹੀਂ ਸਨ, ਸਗੋਂ ਕਿਸੇ ਹੋਰ ਪਾਰਟੀ ਦੇ ਮੈਂਬਰ ਸਨ। ਤਾਂ, ਇਨ੍ਹਾਂ ਘੁਸਪੈਠੀਆਂ ਨੂੰ ਕਦੋਂ ਹਟਾਇਆ ਜਾਵੇਗਾ?’’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਕੁਝ ਸਿਆਸੀ ਪਾਰਟੀਆਂ ਘੁਸਪੈਠੀਆਂ ਨੂੰ ਵੋਟ ਬੈਂਕ ਮੰਨਦੀਆਂ ਹਨ। ਉਨ੍ਹਾਂ ਸਵਾਲ ਉਠਾਇਆ ਸੀ ਕਿ ਗੁਜਰਾਤ ਅਤੇ ਰਾਜਸਥਾਨ ਦੀਆਂ ਸਰਹੱਦਾਂ ’ਤੇ ਘੁਸਪੈਠ ਕਿਉਂ ਨਹੀਂ ਹੁੰਦੀ। ਇਸ ਲਿਹਾਜ਼ ਨਾਲ ਅਖਿਲੇਸ਼ ਦੀਆਂ ਟਿੱਪਣੀਆਂ ਅਹਿਮ ਹਨ। ਅਖਿਲੇਸ਼ ਯਾਦਵ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਯੂਪੀ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਬਿਆਨ ਦੇਣਗੇ।
ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖ਼ੁਦਕੁਸ਼ੀ ਦਾ ਜ਼ਿਕਰ ਕਰਦਿਆਂ ਅਖ਼ਿਲੇਸ਼ ਨੇ ਕਿਹਾ ਕਿ ਅੱਜ ਵੀ ਜਾਤ ਦੇ ਆਧਾਰ ’ਤੇ ਵੋਟਾਂ ਮੰਗੀਆਂ ਜਾਂਦੀਆਂ ਹਨ। ਇਸੇ ਕਰਕੇ ਇੱਕ ਆਈ ਪੀ ਐੱਸ ਅਧਿਕਾਰੀ ਦੀ ਜਾਨ ਚਲੀ ਗਈ। ਸੁਪਰੀਮ ਕੋਰਟ ਵਿੱਚ ਜੁੱਤੀ ਸੁੱਟੀ ਗਈ, ਧਾਰਮਿਕ ਬੁਲਾਰਿਆਂ ਦਾ ਅਪਮਾਨ ਕੀਤਾ ਗਿਆ ਅਤੇ ਵਾਲਮੀਕਿ ਭਾਈਚਾਰੇ ਦੇ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਸਿਆਸੀ ਸਰਗਰਮੀਆਂ ਵਿੱਚ ਰੁੱਝੀ ਹੋਈ ਹੈ ਅਤੇ ਲੋਕਾਂ ਦੇ ਦਰਦ ਨੂੰ ਨਹੀਂ ਸਮਝਦੀ।
Advertisement
Advertisement