‘ਵੋਟ ਚੋਰਾਂ’ ਨੂੰ ਬਚਾਅ ਰਿਹੈ ਮੁੱਖ ਚੋਣ ਕਮਿਸ਼ਨਰ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ‘ਵੋਟ ਚੋਰੀ’ ਅਤੇ ‘ਲੋਕਤੰਤਰ ਦਾ ਘਾਣ’ ਕਰਨ ਵਾਲਿਆਂ ਨੂੰ ਬਚਾਅ ਰਹੇ ਹਨ। ਉਨ੍ਹਾਂ ਕਰਨਾਟਕ ਵਿਧਾਨ ਸਭਾ ਹਲਕੇ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਕਾਂਗਰਸ ਪੱਖੀ ਵੋਟਰਾਂ ਦੇ ਵੋਟ ਮਿੱਥ ਕੇ ਯੋਜਨਾਬੱਧ ਢੰਗ ਨਾਲ ਕੱਟੇ ਜਾ ਰਹੇ ਹਨ। ਇਥੇ ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘‘ਚੋਣ ਕਮਿਸ਼ਨ ਵੋਟ ਚੋਰਾਂ ਦਾ ਬਚਾਅ ਕਰਨਾ ਬੰਦ ਕਰੇ ਅਤੇ ਵੋਟਰਾਂ ਦੇ ਨਾਮ ਕੱਟੇ ਜਾਣ ਦੇ ਮਾਮਲੇ ਦੀ ਜਾਂਚ ਦੇ ਸਬੰਧ ’ਚ ਕਰਨਾਟਕ ਸੀਆਈਡੀ ਵੱਲੋਂ ਮੰਗੀ ਗਈ ਜਾਣਕਾਰੀ ਇਕ ਹਫ਼ਤੇ ਅੰਦਰ ਦਿੱਤੀ ਜਾਵੇ। ਜੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਸੰਵਿਧਾਨ ਦੀ ਹੱਤਿਆ ’ਚ ਉਹ ਵੀ ਭਾਈਵਾਲ ਹੈ।’’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੰਵਿਧਾਨਕ ਅਦਾਰੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਹਨ ਅਤੇ ਕਾਨੂੰਨੀ ਢਾਂਚੇ ਸਮੇਤ ਦੇਸ਼ ਦੇ ਅਦਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਰਾਹੁਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਖ਼ੁਲਾਸਾ ਕੋਈ ‘ਹਾਈਡਰੋਜਨ ਬੰਬ’ ਨਹੀਂ ਹਨ ਜਿਸ ਬਾਰੇ ਉਨ੍ਹਾਂ ਵਾਅਦਾ ਕੀਤਾ ਸੀ ਅਤੇ ਛੇਤੀ ਹੀ ਉਹ ਹੋਰ ਵੇਰਵਿਆਂ ਦਾ ਖ਼ੁਲਾਸਾ ਕਰਨਗੇ। ਕਾਂਗਰਸ ਆਗੂ ਨੇ ਕਿਹਾ, ‘‘ਮੈਂ ਗਿਆਨੇਸ਼ ਕੁਮਾਰ ਬਾਰੇ ਗੰਭੀਰ ਦਾਅਵਾ ਕਰਨ ਜਾ ਰਿਹਾ ਹਾਂ। ਮੈਂ ਵਿਰੋਧੀ ਧਿਰ ਦਾ ਆਗੂ ਹਾਂ ਅਤੇ ਕੋਈ ਹਲਕੀ-ਫੁਲਕੀ ਗੱਲ ਨਹੀਂ ਆਖ ਰਿਹਾ ਹਾਂ। ਮੁੱਖ ਚੋਣ ਕਮਿਸ਼ਨਰ ਵੋਟ ਚੋਰਾਂ ਅਤੇ ਲੋਕਤੰਤਰ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਬਚਾਅ ਰਿਹਾ ਹੈ। ਇਹ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਭਾਰਤ ਦੇ ਲੋਕਤੰਤਰ ਨੂੰ ਅਗ਼ਵਾ ਕਰ ਲਿਆ ਗਿਆ ਹੈ। ਲੋਕਤੰਤਰ ਨੂੰ ਭਾਰਤ ਦੇ ਲੋਕਾਂ ਵੱਲੋਂ ਹੀ ਬਚਾਇਆ ਜਾ ਸਕਦਾ ਹੈ। ਰਾਹੁਲ ਗਾਂਧੀ ਤਾਂ ਸਿਰਫ਼ ਸੱਚ ਹੀ ਦਿਖਾ ਸਕਦਾ ਹੈ। ਜਿਸ ਦਿਨ ਲੋਕ ਸਮਝ ਜਾਣਗੇ ਕਿ ਉਨ੍ਹਾਂ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਚੋਰੀ ਕਰ ਲਿਆ ਗਿਆ ਹੈ, ਮੇਰਾ ਕੰਮ ਖ਼ਤਮ ਹੋ ਜਾਵੇਗਾ।’’ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਕਰਨਾਟਕ ਦੇ ਆਲੰਦ ਹਲਕੇ ’ਚ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 6,018 ਵੋਟਾਂ ਕੱਟੇ ਜਾਣ ਦੀਆਂ ਕਥਿਤ ਕੋਸ਼ਿਸ਼ਾਂ ਦੇ ਵੇਰਵੇ ਦਿੱਤੇ। ਉਨ੍ਹਾਂ ਮਹਾਰਾਸ਼ਟਰ ਦੇ ਰਾਜੂਰਾ ਹਲਕੇ ਦੀ ਉਦਾਹਰਣ ਵੀ ਦਿੱਤੀ ਜਿਥੇ ਉਨ੍ਹਾਂ ਆਟੋਮੇਟਿਡ ਸਾਫ਼ਟਵੇਅਰ ਰਾਹੀਂ ਧੋਖਾਧੜੀ ਨਾਲ 6,850 ਵੋਟਰਾਂ ਦੇ ਨਾਮ ਸ਼ਾਮਲ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ, ‘‘ਇਹੋ ਪ੍ਰਣਾਲੀ ਹਰ ਥਾਂ ਵਰਤੀ ਜਾ ਰਹੀ ਹੈ। ਇਹ ਕਰਨਾਟਕ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ’ਚ ਵਰਤੀ ਗਈ ਅਤੇ ਸਾਡੇ ਕੋਲ ਇਸ ਦੇ ਸਬੂਤ ਹਨ। ਅਸੀਂ ਮੰਗ ਕਰਦੇ ਹਾਂ ਕਿ ਗਿਆਨੇਸ਼ ਕੁਮਾਰ ਆਪਣਾ ਕੰਮ ਕਰਦੇ ਹੋਏ ਕਰਨਾਟਕ ਸੀਆਈਡੀ ਨੂੰ ਸਬੂਤ ਦੇਣ।’’ ਕਰਨਾਟਕ ਦੇ ਆਲੰਦ ਹਲਕੇ ਦੀ ਮਿਸਾਲ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਕਾਂਗਰਸ ਦੇ ਗੜ੍ਹ ਵਾਲੇ ਸਿਖਰਲੇ 10 ਬੂਥਾਂ ’ਚ ਸਭ ਤੋਂ ਵੱਧ ਨਾਮ ਕੱਟੇ ਗਏ। ਸਾਲ 2018 ’ਚ ਕਾਂਗਰਸ ਨੇ 10 ’ਚੋਂ 8 ਬੂਥਾਂ ’ਤੇ ਜਿੱਤ ਹਾਸਲ ਕੀਤੀ ਸੀ। ਇਹ ਕੋਈ ਇਤਫ਼ਾਕ ਨਹੀਂ ਸਗੋਂ ਯੋਜਨਾਬੱਧ ਕਾਰਵਾਈ ਸੀ।’’ ਇਸ ਦੌਰਾਨ ਰਾਹੁਲ ਗਾਂਧੀ ਨੇ ਇਕ ਵੋਟਰ ਨੂੰ ਪੇਸ਼ ਕੀਤਾ ਜਿਸ ਦਾ ਵੋਟ ਕੱਟਣ ਲਈ ਕਿਹਾ ਗਿਆ ਸੀ ਅਤੇ ਉਸ ਵਿਅਕਤੀ ਨੂੰ ਵੀ ਸੱਦਿਆ ਜਿਸ ਦਾ ਨਾਮ ਕੱਟਣ ਲਈ ਵਰਤਿਆ ਗਿਆ। ਦੋਹਾਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਕਾਂਗਰਸ ਆਗੂ ਮੁਤਾਬਕ ਨਾਮ ਕੱਟਣ ਲਈ ਸਾਫ਼ਟਵੇਅਰ ਦੀ ਵਰਤੋਂ ਕੀਤੀ ਜਾ ਰਹੀ ਹੈ। ਕਰਨਾਟਕ ’ਚ ਚੱਲ ਰਹੀ ਜਾਂਚ ਦਾ ਨੋਟਿਸ ਲੈਂਦਿਆਂ ਰਾਹੁਲ ਨੇ ਕਿਹਾ ਕਿ ਸੀਆਈਡੀ ਨੇ 18 ਮਹੀਨਿਆਂ ’ਚ 18 ਪੱਤਰ ਚੋਣ ਕਮਿਸ਼ਨ ਨੂੰ ਭੇਜੇ ਅਤੇ ਉਨ੍ਹਾਂ ਅਰਜ਼ੀਆਂ ਦਾਖ਼ਲ ਕਰਨ ਤੇ ਓਟੀਪੀ ਟਰੇਲ ਦੇ ਆਈਪੀ ਵਰਗੇ ਸਾਧਾਰਨ ਜਿਹੇ ਤੱਥਾਂ ਦੀ ਜਾਣਕਾਰੀ ਮੰਗੀ ਸੀ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਚੋਣ ਕਮਿਸ਼ਨ ਨਹੀਂ ਦੇ ਰਿਹਾ ਹੈ ਕਿਉਂਕਿ ਇਸ ਨਾਲ ਸਾਰੇ ਅਪਰੇਸ਼ਨ ਦਾ ਪਰਦਾਫਾਸ਼ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਨੂੰ ਵੋਟ ਚੋਰੀ ਹੋਣ ਦਾ ਭਰੋਸਾ ਹੋਇਆ ਤਾਂ ਉਨ੍ਹਾਂ ਦੀ ਤਾਕਤ ਵੀ ਨਾਲ ਜੁੜ ਜਾਵੇਗੀ। ਇਸ ਕਥਿਤ ਸਾਜ਼ਿਸ਼ ਦੇ ਸਰਗਨੇ ਬਾਰੇ ਪੁੱਛੇ ਜਾਣ ’ਤੇ ਰਾਹੁਲ ਨੇ ਕਿਹਾ ਕਿ ਉਹ ਇਸ ਦਾ ਵੀ ਲੋਕਾਂ ਸਾਹਮਣੇ ਖ਼ੁਲਾਸਾ ਕਰਨਗੇ ਅਤੇ ਉਨ੍ਹਾਂ ਦੇ ਖ਼ੁਲਾਸਿਆਂ ਦਾ ‘ਹਾਈਡਰੋਜਨ ਬੰਬ’ ਸਾਰੇ ਭੇਤ ਖੋਲ੍ਹ ਦੇਵੇਗਾ।
ਕਿਸੇ ਵੀ ਵੋਟ ਨੂੰ ਆਨਲਾਈਨ ਹਟਾਇਆ ਨਹੀਂ ਜਾ ਸਕਦਾ: ਚੋਣ ਕਮਿਸ਼ਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਗਲਤ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਕਮਿਸ਼ਨ ਨੇ ਕਿਹਾ, ‘‘ਕਿਸੇ ਵੀ ਵੋਟ ਨੂੰ ਆਨਲਾਈਨ ਕਿਸੇ ਵੀ ਵਿਅਕਤੀ ਵੱਲੋਂ ਹਟਾਇਆ ਨਹੀਂ ਜਾ ਸਕਦਾ ਹੈ ਜਿਵੇਂ ਕਿ ਰਾਹੁਲ ਗਾਂਧੀ ਨੇ ਗਲਤ ਧਾਰਨਾ ਬਣਾਈ ਹੈ।’’ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਵਿਅਕਤੀ ਦੀ ਗੱਲ ਸੁਣੇ ਬਿਨਾਂ ਕੋਈ ਵੀ ਨਾਮ ਨਹੀਂ ਕੱਟਿਆ ਜਾ ਸਕਦਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ 2023 ’ਚ ਆਲੰਦ ਵਿਧਾਨ ਸਭਾ ਹਲਕੇ ’ਚ ਵੋਟਰਾਂ ਦੇ ਨਾਮ ਕੱਟਣ ਦੀਆਂ ਕੁਝ ਨਾਕਾਮ ਕੋਸ਼ਿਸ਼ਾਂ ਹੋਈਆਂ ਸਨ ਅਤੇ ਮਾਮਲੇ ਦੀ ਜਾਂਚ ਲਈ ਕਮਿਸ਼ਨ ਦੇ ਅਧਿਕਾਰੀਆਂ ਨੇ ਖੁਦ ਐੱਫਆਈਆਰ ਦਰਜ ਕਰਵਾਈ ਸੀ। ਰਿਕਾਰਡ ਮੁਤਾਬਕ ਆਲੰਦ ਵਿਧਾਨ ਸਭਾ ਹਲਕੇ ਦੀ ਚੋਣ 2018 ’ਚ ਭਾਜਪਾ ਦੇ ਸੁਭਾਸ਼ ਗੁੱਟੇਦਾਰ ਅਤੇ 2023 ’ਚ ਕਾਂਗਰਸ ਦੇ ਬੀ ਆਰ ਪਾਟਿਲ ਨੇ ਜਿੱਤੀ ਸੀ। -ਪੀਟੀਆਈ
ਰਾਹੁਲ ਘੁਸਪੈਠੀਆਂ ਨੂੰ ਬਚਾਉਣ ਦੀ ਕਰ ਰਹੇ ਨੇ ਸਿਆਸਤ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਵੱਲੋਂ ਸੰਵਿਧਾਨਕ ਸੰਸਥਾਵਾਂ ਖ਼ਿਲਾਫ਼ ਵਾਰ ਵਾਰ ਲਗਾਏ ਜਾ ਰਹੇ ਦੋਸ਼ਾਂ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਅਤੇ ਕਾਂਗਰਸ ਦਾ ਭਾਰਤੀ ਸੰਵਿਧਾਨ ’ਤੇ ਕੋਈ ਭਰੋਸਾ ਨਹੀਂ ਹੈ। ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ‘ਘੁਸਪੈਠੀਆਂ ਨੂੰ ਬਚਾਉਣ ਦੀ ਸਿਆਸਤ’ ਕਾਂਗਰਸ ਦਾ ਇਕਲੌਤਾ ਏਜੰਡਾ ਪ੍ਰਤੀਤ ਹੁੰਦਾ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਇਸ ਮੁੱਦੇ ’ਤੇ ਅਦਾਲਤ ਜਾਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਗ਼ੈਰਕਾਨੂੰਨੀ ਵੋਟਰਾਂ ਨੂੰ ਬਚਾਉਣ ਦੀ ਕਾਂਗਰਸ ਦੇ ਕਥਿਤ ਏਜੰਡੇ ਨੂੰ ਇਜਾਜ਼ਤ ਦਿੱਤੀ ਗਈ ਤਾਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪੱਛੜੇ ਵਰਗਾਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ। ਚੋਣ ਕਮਿਸ਼ਨਰ ਦਾ ਬਚਾਅ ਕਰਦਿਆਂ ਠਾਕੁਰ ਨੇ ਐੱਮ ਐੱਸ ਗਿੱਲ ਅਤੇ ਟੀ ਐੱਨ ਸ਼ੇਸ਼ਨ ਵਰਗੇ ਸਾਬਕਾ ਮੁੱਖ ਚੋਣ ਕਮਿਸ਼ਨਰਾਂ ਦੀ ਕਾਂਗਰਸ ਨਾਲ ਗੰਢ-ਤੁੱਪ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਗਿੱਲ ਨੂੰ ਯੂਪੀਏ ਸਰਕਾਰ ’ਚ ਮੰਤਰੀ ਬਣਾਇਆ ਗਿਆ ਸੀ ਜਦਕਿ ਸ਼ੇਸ਼ਨ ਨੇ ਕਾਂਗਰਸ ਦੇ ਟਿਕਟ ’ਤੇ ਲੋਕ ਸਭਾ ਚੋਣ ਲੜੀ ਸੀ। ਭਾਜਪਾ ਆਗੂ ਨੇ ਕਿਹਾ ਕਿ 2023 ’ਚ ਕਰਨਾਟਕ ਦੇ ਆਲੰਦ ਹਲਕੇ ਤੋਂ ਕਾਂਗਰਸ ਆਗੂ ਚੋਣ ਜਿੱਤਿਆ ਹੈ ਅਤੇ ਕੀ ਇਹ ਨਤੀਜਾ ਵੋਟ ਚੋਰੀ ਨਾਲ ਆਇਆ ਹੈ। -ਪੀਟੀਆਈ
ਚੋਣ ਕਮਿਸ਼ਨ ਕਿਸ ਨੂੰ ਬਚਾਅ ਰਿਹੈ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਰਨਾਟਕ ਦੇ ਆਲੰਦ ਵਿਧਾਨ ਸਭਾ ਹਲਕੇ ’ਚ ਵੱਡੇ ਪੱਧਰ ’ਤੇ ਵੋਟਾਂ ਕੱਟੇ ਜਾਣ ਦੇ ਦੋਸ਼ੀਆਂ ਦੀ ਜਾਣਕਾਰੀ ਦੇਣ ਦੇ ਰਾਹ ’ਚ ਅੜਿੱਕੇ ਡਾਹੁਣ ਲਈ ਚੋਣ ਕਮਿਸ਼ਨ ਨੂੰ ਘੇਰਦਿਆਂ ਕਿਹਾ ਕਿ ਉਹ ਕਿਸ ਨੂੰ ਬਚਾਅ ਰਿਹਾ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਰਾਹੁਲ ਗਾਂਧੀ ਨੇ ਪੁਖ਼ਤਾ ਸਬੂਤਾਂ ਨਾਲ ਤੱਥ ਰੱਖੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਤਿੰਨ ਅਹਿਮ ਸਵਾਲ ਕਰਦਿਆਂ ਕਿਹਾ ਕਿ ਉਹ ਕਿਸ ਨੂੰ ਬਚਾਅ ਰਿਹਾ ਹੈ। ਕੀ ਭਾਜਪਾ ਲੋਕਤੰਤਰ ਦੀ ਰਾਖੀ ਕਰਨ ਵਾਲੇ ਅਦਾਰਿਆਂ ਨੂੰ ਖੋਖਲਾ ਕਰ ਰਹੀ ਹੈ ਅਤੇ ਕੀ ਵੋਟ ਚੋਰੀ ਫੈਕਟਰੀ ਰਾਹੀਂ ਚੋਣ ਪ੍ਰਣਾਲੀ ਨੂੰ ਢਾਹ ਲਗਾਉਣ ਵਾਲੇ ਲੋਕਤੰਤਰ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ? ਇਕ ਹੋਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਚੋਣ ਕਮਿਸ਼ਨ ’ਤੇ ਚੋਣ ਅਮਲ ਨੂੰ ਤਬਾਹ ਕਰਨ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ। -ਪੀਟੀਆਈ