ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਨਕਸਲੀ ਹਲਾਕ, ਤਿੰਨ ਸੁਰੱਖਿਆ ਕਰਮਚਾਰੀ ਜ਼ਖਮੀ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਮੁਕਾਬਲੇ ਦੌਰਾਨ ਆਈਈਡੀ ਧਮਾਕੇ ਵਿੱਚ ਇੱਕ ਨਕਸਲੀ ਮਾਰਿਆ ਗਿਆ ਅਤੇ ਤਿੰਨ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਕਸਲ ਵਿਰੋਧੀ ਮੁਹਿੰਮ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਅਤੇ ਮਾਓਵਾਦੀਆਂ ਵਿਚਕਾਰ ਸੁਕਮਾ-ਦਾਂਤੇਵਾੜਾ ਅੰਤਰ-ਜ਼ਿਲ੍ਹਾ ਸਰਹੱਦ ਦੇ ਨਾਲ ਜੰਗਲ ਵਿੱਚ ਗੋਲੀਬਾਰੀ ਹੋਈ।
ਸੁਕਮਾ ਦੇ ਪੁਲੀਸ ਸੁਪਰਡੈਂਟ ਕਿਰਨ ਚਵਾਨ ਨੇ ਕਿਹਾ ਕਿ ਖੇਤਰ ਵਿੱਚ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ ’ਤੇ ਸੋਮਵਾਰ ਨੂੰ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.), ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਅਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਨੂੰ ਸ਼ਾਮਲ ਕਰਦਿਆਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ। ਮੁਕਾਬਲੇ ਵਾਲੀ ਥਾਂ ਦੀ ਤਲਾਸ਼ੀ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਇੱਕ ਨਕਸਲੀ ਦੀ ਲਾਸ਼ ਦੇ ਨਾਲ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਸਮੱਗਰੀ ਦਾ ਇੱਕ ਵੱਡਾ ਜ਼ਖੀਰਾ ਮਿਲਿਆ।
ਚਵਾਨ ਨੇ ਕਿਹਾ ਕਿ, ‘‘ਅਪਰੇਸ਼ਨ ਦੌਰਾਨ ਇੱਕ ਪ੍ਰੈਸ਼ਰ ਆਈਈਡੀ ਧਮਾਕੇ ਵਿੱਚ ਡੀਆਰਜੀ ਨਾਲ ਸਬੰਧਤ ਤਿੰਨ ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਉੱਚ ਮੈਡੀਕਲ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੀ ਹਾਲਤ ਇਸ ਵੇਲੇ ਸਥਿਰ ਅਤੇ ਖ਼ਤਰੇ ਤੋਂ ਬਾਹਰ ਹੈ।’’
ਅਧਿਕਾਰੀ ਨੇ ਕਿਹਾ ਕਿ ਅਪਰੇਸ਼ਨ ਅਜੇ ਵੀ ਜਾਰੀ ਹੈ, ਇਸ ਲਈ ਹੋਰ ਵੇਰਵਿਆਂ ’ਤੇ ਚਰਚਾ ਨਹੀਂ ਕੀਤੀ ਜਾ ਸਕਦੀ।