Chhattisgarh: ਜੋੜੇ ਨੇ ਬੱਚਿਆਂ ਸਣੇ ਜ਼ਹਿਰ ਨਿਗਲਿਆ
ਕਾਂਕੇਰ, 14 ਜੂਨ
ਇੱਥੇ ਇਕ ਜੋੜੇ ਨੇ ਬੱਚਿਆਂ ਸਣੇ ਜ਼ਹਿਰ ਨਿਗਲ ਲਿਆ। ਪੁਲੀਸ ਨੇ ਜਾਣਕਾਰੀ ਦਿੱਤੀ ਕਿ ਜ਼ਹਿਰ ਨਿਗਲਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਮਾਪੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਰਤਾਪੁਰ ਪੁਲੀਸ ਥਾਣੇ ਅਧੀਨ ਆਉਂਦੇ ਪਾਰਲਕੋਟ ਪਿੰਡ ਵਿੱਚ ਵਾਪਰੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਦੇਵੇਂਦਰ ਬੈਰਾਗੀ (36) ਅਤੇ ਉਸ ਦੀ ਪਤਨੀ ਨੇ ਕਥਿਤ ਤੌਰ ’ਤੇ ਰਾਤ ਦੇ ਖਾਣੇ ਸਮੇਂ ਆਪਣੀਆਂ ਧੀਆਂ ਜੁਤਿਕਾ ਬੈਰਾਗੀ (19), ਦੀਪਤੀ (12) ਅਤੇ 6 ਸਾਲ ਦੇ ਪੁੱਤਰ ਦੇਵਰਾਜ ਨੂੰ ਪਹਿਲਾਂ ਜ਼ਹਿਰ ਦਿੱਤਾ ਅਤੇ ਫਿਰ ਖ਼ੁਦ ਵੀ ਜ਼ਹਿਰ ਨਿਗਲ ਲਿਆ। ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਗੁਆਂਢੀਆਂ ਵੱਲੋਂ ਜੋੜੇ ਨੂੰ ਪਖਨਜੋੜੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਗਈ। ਜੋੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੁਆਂਢੀਆਂ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਚੱਲ ਰਹੀ ਸੀ। ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ