ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੌਹਾਨ ਵੱਲੋਂ ਨਕਲੀ ਬੀਜ ਤੇ ਖਾਦ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਹੁਕਮ

ਖੇਤੀ ਬਾਰੇ ਫ਼ਰਜ਼ੀ ਜਾਣਕਾਰੀ ਕਿਸਾਨਾਂ ਲਈ ਸਰਾਪ: ਸ਼ਿਵਰਾਜ ਚੌਹਾਨ
Advertisement

 

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਕਲੀ ਖਾਦਾਂ, ਬੀਜਾਂ ਤੇ ਕੀਟਨਾਸ਼ਕਾਂ ਦੀ ਵਿਕਰੀ ’ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਇਨ੍ਹਾਂ ਨੂੰ ‘ਕਿਸਾਨਾਂ ਲਈ ਸਰਾਪ’ ਦੱਸਿਆ ਅਤੇ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਦੇਸ਼ ਪੱਧਰੀ ਕਾਰਵਾਈ ਦਾ ਹੁਕਮ ਦਿੱਤਾ। ਖੇਤੀ ਮੰਤਰਾਲੇ ਤੇ ਭਾਰਤੀ ਖੇਤੀ ਖੋਜ ਪਰਿਸ਼ਦ (ਆਈਸੀਏਆਰ) ਦੇ ਸੀਨੀਅਰ ਅਧਿਕਾਰੀਆਂ ਨਾਲ ਖੇਤੀ ਭਵਨ ’ਚ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੌਹਾਨ ਨੇ ਨਿਰਦੇਸ਼ ਦਿੱਤਾ ਕਿ ਸੂਬਾ ਸਰਕਾਰਾਂ ਨਾਲ ਤਾਲਮੇਲ ਕਰਕੇ ਵੱਡੇ ਪੱਧਰ ’ਤੇ ਛਾਪੇ ਮਾਰੇ ਜਾਣ। ਉਨ੍ਹਾਂ ਕਿਹਾ ਕਿ ਨਕਲੀ ਸਮੱਗਰੀ ਵੇਚਣ ਵਾਲੀਆਂ ਫੈਕਟਰੀਆਂ ਤੇ ਦੁਕਾਨਾਂ ਨੂੰ ਤੁਰੰਤ ਸੀਲ ਕੀਤਾ ਜਾਣਾ ਚਾਹੀਦਾ ਹੈ। ਚੌਹਾਨ ਨੇ ਅਧਿਕਾਰੀਆਂ ਨੂੰ ਕਿਹਾ, ‘ਵੱਖ ਵੱਖ ਜ਼ਿਲ੍ਹਿਆਂ ਦੇ ਸੈਂਕੜੇ ਕਿਸਾਨ ਪ੍ਰੇਸ਼ਾਨ ਹਨ। ਬੀਤੇ ਦਿਨ ਮੈਂ ਸੋਇਆਬੀਨ ਦੇ ਖੇਤਾਂ ਦਾ ਦੌਰਾ ਕੀਤਾ ਜਿੱਥੇ ਕਿਸਾਨਾਂ ਨੇ ਕੀਟਨਾਸ਼ਕ ਪਾਈ ਸੀ ਪਰ ਸੁਰੱਖਿਆ ਦੀ ਥਾਂ ਪੂਰੀ ਫਸਲ ਤਬਾਹ ਹੋ ਗਈ। ਮੈਂ ਉਨ੍ਹਾਂ ਦਾ ਦਰਦ ਖੁਦ ਦੇਖਿਆ। ਅਸੀਂ ਕਿਸਾਨਾਂ ਦੀ ਇਹ ਲੁੱਟ ਜਾਰੀ ਨਹੀਂ ਰਹਿਣ ਦੇਵਾਂਗੇ।’

Advertisement

ਉਨ੍ਹਾਂ ਕਿਹਾ ਕਿ ਖੇਤੀ ਕਰਮਚਾਰੀਆਂ ਨੂੰ ਸਿੱਧੇ ਕਿਸਾਨਾਂ ਦੇ ਖੇਤਾਂ ’ਚ ਜਾਣਾ ਚਾਹੀਦਾ ਹੈ, ਨਮੂਨੇ ਇਕੱਤਰ ਕਰਨੇ ਚਾਹੀਦੇ ਹਨ ਤੇ ਤੁਰੰਤ ਸਜ਼ਾਯੋਗ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਜੇ ਅਸੀਂ ਸਖਤੀ ਨਾਲ ਕਾਰਵਾਈ ਕਰਦੇ ਹਾਂ ਤਾਂ ਇਸ ਨਾਲ ਧੋਖੇਬਾਜ਼ਾਂ ’ਚ ਡਰ ਪੈਦਾ ਹੋਵੇਗਾ ਅਤੇ ਕਿਸਾਨਾਂ ਨੂੰ ਰਾਹਤ ਮਿਲੇਗੀ।’ ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਦਾ ਬਿਨਾਂ ਦੇਰੀ ਦੇ ਨਿਬੇੜਾ ਕੀਤਾ ਜਾਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਉਹ ਰਾਜਾਂ ’ਚ ਕੀਤੀ ਜਾ ਰਹੀ ਕਾਰਵਾਈ ਦੀ ਨਿੱਜੀ ਤੌਰ ’ਤੇ ਨਿਗਰਾਨੀ ਵੀ ਕਰਨਗੇ।

ਚੌਹਾਨ ਨੇ ਕਿਸਾਨਾਂ ਨੂੰ ਅਸਲ ਤੱਥਾਂ ਦੀ ਪਛਾਣ ਕਰਨ ਅਤੇ ਆਪਣੀਆਂ ਫਸਲਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਚੱਲ ਰਹੀ ਖੇਤੀ ਸੰਕਲਪ ਮੁਹਿੰਮ ਤਹਿਤ ਜਾਗਰੂਕਤਾ ਮੁਹਿੰਮ ਚਲਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ, ‘ਸਾਡਾ ਫ਼ਰਜ਼ ਸਿਰਫ਼ ਉਦੋਂ ਕਾਰਵਾਈ ਕਰਨਾ ਨਹੀਂ ਹੈ ਜਦੋਂ ਕੁਝ ਗਲਤ ਹੋ ਜਾਵੇ, ਸਗੋਂ ਉਸ ਨੂੰ ਸ਼ੁਰੂ ਤੋਂ ਹੀ ਹੋਣ ਤੋਂ ਰੋਕਣਾ ਹੈ।’ ਕੇਂਦਰੀ ਮੰਤਰੀ ਨੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੂੰ ਪੌਲੀਹਾਊਸ, ਗਰੀਨਹਾਊਸ ਅਤੇ ਖੇਤੀ ਮਸ਼ੀਨਰੀ ਲਈ ਕੇਂਦਰੀ ਸਬਸਿਡੀ ਯੋਜਨਾਵਾਂ ਦੇ ਲਾਗੂ ਹੋਣ ਦੀ ਪੁਸ਼ਟੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਬਸਿਡੀ ਕਿਸਾਨਾਂ ਤੱਕ ਸਮੇਂ ਸਿਰ ਪਹੁੰਚਣੀ ਚਾਹੀਦੀ ਹੈ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਨਿਯਮਿਤ ਤੌਰ ’ਤੇ ਖੇਤਰੀ ਤਸਦੀਕ ਜ਼ਰੂਰੀ ਹੈ।

Advertisement