ਸ਼ਹੀਦ ਭਗਤ ਸਿੰਘ ਦੇ ਵੀਡੀਓ ਲਈ ਚਾਰਾਜੋਈ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਸਕਾਟਲੈਂਡ ਯਾਰਡ ਕੋਲ ਮੌਜੂਦ ਦੁਰਲੱਭ ਵੀਡੀਓ ਫੁਟੇਜ ਹਾਸਲ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਕੁੱਝ ਅਰਸਾ ਪਹਿਲਾਂ ਮੁੱਖ ਮੰਤਰੀ ਨੂੰ ਸਕਾਟਲੈਂਡ ਯਾਰਡ ਕੋਲ ਇਹ ਦੁਰਲੱਭ ਵੀਡੀਓ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ ਜਿਸ ਮਗਰੋਂ ਉਨ੍ਹਾਂ ਆਪਣੇ ਸਰੋਤਾਂ ਜ਼ਰੀਏ ਇਸ ਦੀ ਪੁਸ਼ਟੀ ਕਰ ਲਈ ਸੀ। ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅੱਜ ਜਦੋਂ ਇੰਗਲੈਂਡ ਅਤੇ ਵੇਲਜ਼ ਦੀ ਬਾਰ ਕੌਂਸਲ ਦਾ ਵਫ਼ਦ ਪੁੱਜਿਆ ਤਾਂ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਦੁਰਲੱਭ ਵੀਡੀਓਜ਼ ਹਾਸਲ ਕਰਨ ਲਈ ਕਾਨੂੰਨ ਮਾਹਿਰਾਂ ਤੋਂ ਮਦਦ ਮੰਗੀ।
ਵੇਰਵਿਆਂ ਅਨੁਸਾਰ ਪੰਜਾਬ ਦਾ ਇੱਕ ਫ਼ਿਲਮੀ ਦਲ ਕੁੱਝ ਅਰਸਾ ਪਹਿਲਾਂ ਕਿਸੇ ਜਾਂਚ-ਪੜਤਾਲ ਦੇ ਸਿਲਸਿਲੇ ’ਚ ਇੰਗਲੈਂਡ ਗਿਆ ਸੀ ਜਿੱਥੇ ਉਨ੍ਹਾਂ ਨੂੰ ਸਕਾਟਲੈਂਡ ਯਾਰਡ ਕੋਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਦੁਰਲੱਭ ਵੀਡੀਓਜ਼ ਹੋਣ ਦੀ ਭਿਣਕ ਲੱਗੀ ਸੀ। ਜਿਵੇਂ ਹੀ ਮੁੱਖ ਮੰਤਰੀ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਸਰਕਾਰੀ ਪੱਧਰ ’ਤੇ ਯਤਨ ਆਰੰਭ ਕਰ ਦਿੱਤੇ ਸਨ। ਇੰਗਲੈਂਡ ਅਤੇ ਵੇਲਜ਼ ਦੇ ਬਾਰ ਕੌਂਸਲ ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇਸ ਮਹਾਨ ਸ਼ਹੀਦ ਦਾ ਕੋਈ ਵੀ ਵੀਡੀਓ ਰਿਕਾਰਡ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਮੁਤਾਬਿਕ ਸਕਾਟਲੈਂਡ ਯਾਰਡ ਕੋਲ ਸ਼ਹੀਦ ਭਗਤ ਸਿੰਘ ਦੀਆਂ ਦੁਰਲੱਭ ਵੀਡੀਓਜ਼ ਹਨ ਜੋ ਖ਼ਾਸ ਤੌਰ ਉੱਤੇ ਗ੍ਰਿਫ਼ਤਾਰੀ ਤੇ ਅਦਾਲਤ ’ਚ ਸੁਣਵਾਈ ਦੀਆਂ ਹੋ ਸਕਦੀਆਂ ਹਨ। ਇਨ੍ਹਾਂ ਵੀਡੀਓਜ਼ ਪ੍ਰਤੀ ਸਾਰੇ ਭਾਰਤੀਆਂ ਖ਼ਾਸ ਤੌਰ ਉੱਤੇ ਪੰਜਾਬੀਆਂ ਲਈ ਬਹੁਤ ਜ਼ਿਆਦਾ ਖਿੱਚ ਹੈ। ਸੂਬਾ ਸਰਕਾਰ ਪਹਿਲਾਂ ਹੀ ਇਹ ਵੀਡੀਓ ਫੁਟੇਜ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਪ੍ਰੇਰਣਾ ਲੈ ਸਕਣ।
ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸ਼ਾਨਾਮੱਤੀ ਵਿਰਾਸਤ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣਨ ਵਾਸਤੇ ਉਹ ਸੂਬਾ ਸਰਕਾਰ ਦੇ ਲੋਕ ਭਲਾਈ ਕਾਰਜ ਵਿੱਚ ਸਹਿਯੋਗ ਦੇਣ।
ਕੌਮੀ ਮਹੱਤਵ ਦੇ ਇਸ ਮਸਲੇ ਦੀ ਪੈਰਵੀ ਕਰਨ ਵਿੱਚ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਬਰਤਾਨੀਆ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨ ਵਾਸਤੇ ਵੀ ਬਾਰ ਕੌਂਸਲ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਵਫ਼ਦ ਨੂੰ ਪੰਜਾਬ ਵਿੱਚ ਸੂਚਨਾ ਤਕਨਾਲੋਜੀ, ਫੂਡ ਪ੍ਰਾਸੈਸਿੰਗ ਅਤੇ ਆਟੋਮੋਬਾਈਲ ਖੇਤਰ ਵਿੱਚ ਬਹੁਤ ਜ਼ਿਆਦਾ ਸੰਭਾਵਨਾਵਾਂ ਹੋਣ ਬਾਰੇ ਚਾਨਣਾ ਪਾਇਆ। ਮੁੱਖ ਮੰਤਰੀ ਨੇ ਬਰਤਾਨੀਆ ਦੇ ਨਿਵੇਸ਼ਕਾਂ ਨੂੰ ਅਗਲੇ ਸਾਲ ਮਾਰਚ ਵਿੱਚ ਹੋਣ ਵਾਲੇ ‘ਇਨਵੈਸਟ ਪੰਜਾਬ ਸੰਮੇਲਨ’ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਦੌਰਾਨ ਇੰਗਲੈਂਡ ਤੇ ਵੇਲਜ਼ ਦੀ ਬਾਰ ਕੌਂਸਲ ਦੀ ਮੁਖੀ ਬਾਰਬਰਾ ਮਿਲਜ਼ ਕੇ ਸੀ, ਬਾਰ ਚੇਅਰ ਦੀ ਸਲਾਹਕਾਰ ਪੀਰਨ ਢਿੱਲੋਂ-ਸਟਾਰਕਿੰਗਜ਼, ਕੰਸਲਟੈਂਟ ਮੇਲੀਸ਼ਾ ਚਾਰਲਜ਼, ਬੈਰਿਸਟਰ ਬਲਜਿੰਦਰ ਬਾਠ ਆਦਿ ਨੇ ਮੁੱਖ ਮੰਤਰੀ ਨੂੰ ਸਮਰਥਨ ਤੇ ਸਹਿਯੋਗ ਦਾ ਭਰੋਸਾ ਦਿੱਤਾ।
ਖਟਕੜ ਕਲਾਂ ’ਚ ਅਦਾਲਤੀ ਸੁਣਵਾਈ ਦੇਖ ਸਕਣਗੇ ਸੈਲਾਨੀ
ਪੰਜਾਬ ਸਰਕਾਰ ਵੱਲੋਂ ਖਟਕੜ ਕਲਾਂ ’ਚ ਹੈਰੀਟੇਜ ਸਟਰੀਟ ਵਿਕਸਤ ਕੀਤੀ ਜਾ ਰਹੀ ਹੈ ਅਤੇ ਬਸਤੀਵਾਦ ਦੇ ਸਮਿਆਂ ਨੂੰ ਦਰਸਾਉਣ ਲਈ ਮੂਰਤੀਆਂ, 2 ਡੀ, ਥ੍ਰੀ ਡੀ ਆਦਿ ਦੀ ਵਰਤੋਂ ਹੋਵੇਗੀ। ਜਿਸ ਸਮੇਂ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਉਸ ਮੁਕੱਦਮੇ ਦੀ ਅਦਾਲਤੀ ਸੁਣਵਾਈ ਦਾ ਡਿਜੀਟਲ ਰੂਪ ਵਿਕਸਤ ਕੀਤਾ ਜਾ ਰਿਹਾ ਹੈ। ਸੈਲਾਨੀਆਂ ਨੂੰ ਇਹ ਅਦਾਲਤ ਅਤੀਤ ਦੇ ਅਹਿਮ ਅਦਾਲਤੀ ਫ਼ੈਸਲੇ ਦੀ ਝਲਕ ਦਿਖਾਏਗੀ।