ਚੰਡੀਗੜ੍ਹ ਬਣਿਆ ਦੇਸ਼ ਦਾ ਪਹਿਲਾ ਝੁੱਗੀ-ਝੌਂਪੜੀ ਮੁਕਤ ਸ਼ਹਿਰ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਨੂੰ ਝੁੱਗੀਆਂ-ਝੌਪੜੀਆਂ ਤੋਂ ਮੁਕਤ ਕਰਨ ਲਈ ਅੱਜ ਸੈਕਟਰ-38 ਸਥਿਤ ਸ਼ਹਿਰ ਦੀ ਆਖਰੀ ਝੁੱਗੀਆਂ-ਝੌਂਪੜੀਆਂ ਦੀ ਬਸਤੀ ਸ਼ਾਹਪੁਰ ਕਾਲੋਨੀ ਨੂੰ ਵੀ ਢਾਹ ਦਿੱਤਾ ਹੈ। ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਨਾਲ ਹੀ ਚੰਡੀਗੜ੍ਹ ਦੇਸ਼ ਦਾ ਪਹਿਲਾ ਝੁੱਗੀਆਂ-ਝੌਂਪੜੀਆਂ ਤੋਂ ਮੁਕਤ ਸ਼ਹਿਰ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-38 ਵਿੱਚ 4.45 ਏਕੜ ਜ਼ਮੀਨ ’ਤੇ ਫੈਲੀ ਸ਼ਾਹਪੁਰ ਕਲੋਨੀ ’ਤੇ ਪ੍ਰਸ਼ਾਸਨ ਦੀ ਟੀਮ ਨੇ ਅੱਜ ਸਵੇਰੇ 7 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੁਲਡੋਜ਼ਰ ਚਲਾ ਦਿੱਤਾ। ਕੁਝ ਹੀ ਘੰਟਿਆਂ ਵਿੱਚ ਪ੍ਰਸ਼ਾਸਨ ਨੇ ਇੱਥੇ ਬਣੀਆਂ 300 ਤੋਂ ਵੱਧ ਝੁੱਗੀਆਂ ਢਾਹ ਕੇ ਜ਼ਮੀਨ ਖਾਲੀ ਕਰਵਾ ਲਈ। ਇਸ ਦੌਰਾਨ ਕੁਝ ਲੋਕਾਂ ਨੇ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਉਨ੍ਹਾਂ ਨੂੰ ਪਿੱਛੇ ਹਟਾ ਦਿੱਤਾ। ਹਾਲਾਂਕਿ ਚਾਰ ਅਜਿਹੇ ਢਾਂਚੇ ਸਨ, ਜਿਨ੍ਹਾਂ ਦੇ ਮਾਲਕਾਂ ਨੇ ਅਦਾਲਤ ਤੋਂ ਸਟੇਅ ਆਰਡਰ ਲਿਆ ਹੋਇਆ ਸੀ, ਜਿਸ ਕਾਰਨ ਪ੍ਰਸ਼ਾਸਨ ਉਨ੍ਹਾਂ ਨੂੰ ਢਾਹ ਨਹੀਂ ਸਕਿਆ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਸ਼ਾਹਪੁਰ ਕਾਲੋਨੀ ਗੈਰ-ਕਾਨੂੰਨੀ ਢੰਗ ਨਾਲ ਵਸਾਈ ਗਈ ਸੀ, ਜਿਸ ਨੂੰ ਅੱਜ ਖਾਲੀ ਕਰਵਾ ਲਿਆ ਗਿਆ ਹੈ। ਇਸ 4.45 ਏਕੜ ਸਰਕਾਰੀ ਜ਼ਮੀਨ ਦੀ ਕੀਮਤ ਲਗਪਗ 250 ਕਰੋੜ ਰੁਪਏ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਨੇ ਸ਼ਾਹਪੁਰ ਕਾਲੋਨੀ ਢਾਹੁਣ ਤੋਂ ਪਹਿਲਾਂ ਲੋਕਾਂ ਨੂੰ ਵੱਖ-ਵੱਖ ਇਲਾਕਿਆਂ ਵਿੱਚ ਰਹਿਣ ਲਈ ਮਕਾਨਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ। ਯਾਦਵ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪੁਨਰਵਾਸ ਯੋਜਨਾ ਲਾਗੂ ਕਰਦਿਆਂ ਸ਼ਹਿਰ ’ਚੋਂ ਝੁੱਗੀਆਂ-ਝੌਂਪੜੀਆਂ ਨੂੰ ਖ਼ਤਮ ਕਰ ਦਿੱਤਾ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਸਰਕਾਰੀ ਜ਼ਮੀਨ ’ਤੇ ਰਹਿਣ ਵਾਲੇ ਲੋਕਾਂ ਨੂੰ ਮੁੜ ਵਸੇਬਾ ਯੋਜਨਾ ਤਹਿਤ ਰਹਿਣ ਲਈ ਮਕਾਨਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ।
ਪ੍ਰਸ਼ਾਸਨ ਨੇ ਹੁਣ ਤੱਕ 520 ਏਕੜ ਜ਼ਮੀਨ ਖਾਲੀ ਕਰਵਾਈ
ਚੰਡੀਗੜ੍ਹ ਪ੍ਰਸ਼ਾਸਨ ਨੇ ਪਿਛਲੇ ਕੁਝ ਸਾਲਾਂ ਦੌਰਾਨ ਚੰਡੀਗੜ੍ਹ ’ਚੋਂ 18 ਝੁੱਗੀਆਂ-ਝੌਂਪੜੀਆਂ ਵਾਲੀਆਂ ਕਲੋਨੀਆਂ ਨੂੰ ਹਟਾਇਆ ਹੈ। ਇਸ ਕਾਰਵਾਈ ਦੌਰਾਨ ਕੁੱਲ 520 ਏਕੜ ਸਰਕਾਰੀ ਜ਼ਮੀਨ ਖਾਲੀ ਕਰਵਾਈ ਗਈ ਹੈ, ਜਿਸ ਦੀ ਕੀਮਤ ਲਗਪਗ 21 ਹਜ਼ਾਰ ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਯੂ ਟੀ ਪ੍ਰਸ਼ਾਸਨ ਨੇ ਮੁੜ ਵਸੇਬਾ ਸਕੀਮ ਤਹਿਤ ਹਜ਼ਾਰਾਂ ਯੋਗ ਪਰਿਵਾਰਾਂ ਨੂੰ ਵੱਖ-ਵੱਖ ਇਲਾਕਿਆਂ ਵਿੱਚ ਫਲੈਟ ਬਣਾ ਕੇ ਦਿੱਤੇ ਹਨ, ਜਿੱਥੇ ਉਨ੍ਹਾਂ ਨੂੰ ਸ਼ਿਫਟ ਕੀਤਾ ਗਿਆ ਹੈ।