ਚੈਤੰਨਿਆ ਬਘੇਲ ਨੇ ਸ਼ਰਾਬ ਘਪਲੇ ਦੇ 1,000 ਕਰੋੜ ਰੁਪਏ ਟਿਕਾਣੇ ਲਾਏ: ਈਡੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਸ਼ਿਕਾਇਤ ’ਚ ਦਾਅਵਾ ਕੀਤਾ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦਾ ਬੇਟਾ ਚੈਤੰਨਿਆ ਬਘੇਲ ਸੂਬੇ ਵਿੱਚ ‘ਸ਼ਰਾਬ ਘਪਲੇ’ ਪਿਛਲੇ ਗਰੋਹ ਦਾ ਸਰਗਨਾ ਰਿਹਾ ਹੈ ਤੇ ਉਸ ਨੇ ਇਸ ਤੋਂ ਹਾਸਲ ਲਗਪਗ 1,000 ਕਰੋੜ ਰੁਪਏ ਨਿੱਜੀ ਤੌਰ ’ਤੇ ਟਿਕਾਣੇ ਲਾਏ ਹਨ। ਈਡੀ ਨੇ ਸੋਮਵਾਰ ਨੂੰ ਜ਼ਿਲ੍ਹਾ ਤੇ ਵਧੀਕ ਸੈਸ਼ਨ ਜੱਜ ਦਮਰੁਧਰ ਚੌਹਾਨ ਦੀ ਅਦਾਲਤ ’ਚ ਦਾਇਰ ਆਪਣੇ ਦੋਸ਼ ਪੱਤਰ ਵਿੱਚ ਦਾਅਵਾ ਕੀਤਾ ਕਿ ਚੈਤੰਨਿਆ ਨੇ ਜਾਣਬੁੱਝ ਕੇ ਅਪਰਾਧ ਤੋਂ ਹਾਸਲ ਆਮਦਨ ਲੁਕਾਉਣ, ਕਬਜ਼ੇ ’ਚ ਲੈਣ, ਪ੍ਰਾਪਤ ਕਰਨ ਤੇ ਇਸ ਦੀ ਵਰਤੋਂ ’ਚ ਸਹਾਇਤਾ ਕੀਤੀ ਅਤੇ ਗਰੋਹ ਦੇ ਹੋਰ ਮੈਂਬਰਾਂ ਨਾਲ ਸਾਜ਼ਿਸ਼ ਰਚੀ।
ਕਥਿਤ ਤੌਰ ’ਤੇ 2,500 ਕਰੋੜ ਰੁਪਏ ਤੋਂ ਵੱਧ ਦਾ ਸ਼ਰਾਬ ਘਪਲਾ 2019 ਅਤੇ 2022 ਵਿਚਾਲੇ ਹੋਇਆ ਸੀ, ਜਦੋਂ ਛੱਤੀਸਗੜ੍ਹ ’ਚ ਭੂਪੇਸ਼ ਬਘੇਲ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ। ਚੈਤੰਨਿਆ ਬਘੇਲ ਨੂੰ ਕੇਂਦਰੀ ਏਜੰਸੀ ਨੇ 18 ਜੁਲਾਈ ਨੂੰ ਦੁਰਗ ਜ਼ਿਲ੍ਹੇ ਦੇ ਭਿਲਾਈ ’ਚ ਉਸ ਦੇ ਪਿਤਾ ਨਾਲ ਸਾਂਝੇ ਘਰ ਦੀ ਤਲਾਸ਼ੀ ਲੈਣ ਮਗਰੋਂ ਗ੍ਰਿਫ਼ਤਾਰ ਕੀਤਾ ਸੀ। ਈਡੀ ਵੱਲੋਂ ਹੁਣ ਤੱਕ ਮਾਮਲੇ ’ਚ ਦਾਇਰ ਮੁਕੱਦਮਾ ਸ਼ਿਕਾਇਤ ਅਤੇ ਚਾਰ ਸਪਲੀਮੈਂਟਰੀ ਦੋਸ਼ ਪੱਤਰਾਂ ’ਚ ਦਾਅਵਾ ਕੀਤਾ ਗਿਆ ਕਿ ਕਥਿਤ ਘਪਲੇ ਕਾਰਨ ਸੂਬੇ ਦੇ ਖ਼ਜ਼ਾਨੇ ਨੂੰ ‘ਭਾਰੀ ਨੁਕਸਾਨ’ ਅਤੇ ਸ਼ਰਾਬ ਸਿੰਡੀਕੇਟ ਦੇ ਲਾਭਪਾਤਰਾਂ ਨੇ ਲਾਹਾ ਖੱਟਿਆ ਹੈ।