ਚਾਚਾ ਚੌਧਰੀ ਤੇ ਸਾਬੂ ਹੁਣ ਗੰਗਾ ਸਫ਼ਾਈ ਮੁਹਿੰਮ ’ਤੇ ਨਿਕਲਣਗੇ
ਭਾਰਤ ਦਾ ਚਹੇਤਾ ਕਾਮਿਕ ਨਾਇਕ ਚਾਚਾ ਚੌਧਰੀ ਜਿਸ ਦਾ ਦਿਮਾਗ ‘ਕੰਪਿਊਟਰ ਤੋਂ ਵੀ ਤੇਜ਼ ਚਲਦਾ ਹੈ’, ਵਾਪਸ ਆ ਗਿਆ ਹੈ ਪਰ ਇਸ ਵਾਰ ਉਹ ਆਪਣੇ ਸਾਥੀ ਸਾਬੂ ਨਾਲ ਗੰਗਾ ਦੇ ਪਾਣੀ ’ਚ ਗੋਤਾ ਲਾ ਕੇ ਨਦੀ ਦੀ ਸਵੱਛਤਾ ਨੂੰ ਖਤਰਾ ਪੈਦਾ ਕਰਨ ਵਾਲੇ ਖਲਨਾਇਕਾਂ ਨਾਲ ਲੜ ਰਿਹਾ ਹੈ। ਕੌਮੀ ਸਵੱਛ ਗੰਗਾ ਮਿਸ਼ਨ ਤੇ ਡਾਇਮੰਡ ਬੁੱਕਸ ਪ੍ਰਕਾਸ਼ਨ ਵਿਚਾਲੇ ਸਹਿਯੋਗ ਨਾਲ ਪ੍ਰਕਾਸ਼ਤ ਕਹਾਣੀਆਂ ਦਾ ਨਵਾਂ ਸੈੱਟ ਹਾਸੇ, ਐਕਸ਼ਨ ਤੇ ਵਾਤਾਵਰਣ ਜਾਗਰੂਕਤਾ ਦਾ ਅਜਿਹਾ ਸੁਮੇਲ ਪੇਸ਼ ਕਰਦਾ ਹੈ ਜੋ ਸਿਰਫ਼ ਚਾਚਾ ਚੌਧਰੀ ਹੀ ਪੇਸ਼ ਕਰ ਸਕਦੇ ਹਨ। ਨਵੀਆਂ ਪ੍ਰਕਾਸ਼ਤ ਕਾਮਿਕਸਾਂ ਇਸ ਮਸ਼ਹੂਰ ਜੋੜੀ ਨੂੰ ਨਵੇਂ ਚਾਰ ਰੁਮਾਂਚਕ ਸਫਰਾਂ ’ਤੇ ਲਿਜਾਂਦੀਆਂ ਹਨ ਜਿਨ੍ਹਾਂ ’ਚ ਹਰ ਸਫ਼ਰ ਗੰਗਾ ਦੇ ਨਵੇਂ ਪੱਖ ਨੂੰ ਉਭਾਰਦਾ ਹੈ। ਸ਼ਿਕਾਰ ਵਿਰੋਧੀ ਕਹਾਣੀ ਵਿੱਚ ਚਾਚਾ ਚੌਧਰੀ ਆਪਣੀਆਂ ਡਾਲਫਿਨ ਦੋਸਤਾਂ ਨਾਲ ਹੱਥ ਮਿਲਾਉਂਦੇ ਹਨ ਤੇ ਨਦੀ ਦੀ ਜੈਵਿਕ ਵੰਨ-ਸੁਵੰਨਤਾ ਨੂੰ ਪੇਸ਼ ਕਰਦੇ ਹਨ। ਹੋਰ ਕਹਾਣੀਆਂ ’ਚ ਚਾਚਾ ਚੌਧਰੀ ਤੇ ਸਾਬੂ ਇਹ ਯਕੀਨੀ ਬਣਾਉਂਦੇ ਹਨ ਕਿ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੇ ਅਵੈਧ ਡੰਪਰਾਂ ਨੂੰ ਸਜ਼ਾ ਮਿਲੇ। ਅਕਤੂਬਰ 2021 ’ਚ ਚਾਚਾ ਚੌਧਰੀ ਨੂੰ ਕੌਮੀ ਸਵੱਛ ਗੰਗਾ ਮਿਸ਼ਨ ਵੱਲੋਂ ਨਮਾਮੀ ਗੰਗੇ ਪ੍ਰੋਗਰਾਮ ਦਾ ਮਾਸਕਟ ਐਲਾਨਿਆ ਗਿਆ ਸੀ ਤਾਂ ਜੋ ਇਸ ’ਚ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਸਕੇ ਅਤੇ ਕਾਮਿਕਸ ਤੇ ਐਨੀਮੇਸ਼ਨ ਰਾਹੀਂ ਨਦੀ ਦੀ ਸਵੱਛਤਾ ਪ੍ਰਤੀ ਲੋਕਾਂ ਦੇ ਵਿਹਾਰ ’ਚ ਤਬਦੀਲੀ ਲਿਆਂਦੀ ਜਾ ਸਕੇ।