ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਅਪਰਾਧੀਆਂ ਵਾਲਾ ਵਤੀਰਾ ਬੰਦ ਕਰੇ ਕੇਂਦਰ: ਮਹਿਬੂਬਾ
ਗੱਲਬਾਤ ਰਾਹੀਂ ਮਸਲੇ ਹੱਲ ਕਰਨ ’ਤੇ ਜ਼ੋਰ ਦਿੱਤਾ
Advertisement
ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਅਪਰਾਧੀਆਂ ਵਾਲਾ ਵਤੀਰਾ ਕਰ ਰਿਹਾ ਹੈ ਪਰ ਕੇਂਦਰ ਨੂੰ ਗੱਲਬਾਤ ਜ਼ਰੀਏ ਮਸਲੇ ਹੱਲ ਕਰਨੇ ਚਾਹੀਦੇ ਹਨ। ਅਨੰਤਨਾਗ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਨੇ ਕਿਹਾ, ‘ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਅਤੇ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਜਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਘਰਾਂ ਨੂੰ ਵੀ ਰਾਸ਼ਟਰ ਵਿਰੋਧੀ ਕਰਾਰ ਦਿੱਤਾ ਜਾ ਰਿਹਾ ਹੈ, ਫਿਰ ਇਨ੍ਹਾਂ ਬੇਜਾਨ ਜਾਇਦਾਦਾਂ ਨੂੰ ਵਿਸਫੋਟਕਾਂ ਨਾਲ ਉਡਾ ਦਿੱਤਾ ਜਾਂਦਾ ਹੈ। 2004 ਵਿੱਚ ਸਈਦ ਅਲੀ ਸ਼ਾਹ ਗਿਲਾਨੀ ਵਲੋਂ ਸ਼ੁਰੂ ਕੀਤੀ ਗਈ ਤਹਿਰੀਕ-ਏ-ਹੁਰੀਅਤ ਕਸ਼ਮੀਰ ਦੇ ਜ਼ਬਤ ਕੀਤੇ ਦਫ਼ਤਰ ਦਾ ਹਵਾਲਾ ਦਿੰਦਿਆਂ ਮਹਿਬੂਬਾ ਨੇ ਕਿਹਾ ਕਿ ਵੱਖਵਾਦੀ ਆਗੂ ਮਰ ਚੁੱਕਿਆ ਹੈ ਪਰ ਜਿਸ ਇਮਾਰਤ ਵਿਚ ਉਨ੍ਹਾਂ ਦੀ ਵਿਧਵਾ ਰਹਿ ਰਹੀ ਹੈ, ਉਹ ਜ਼ਬਤ ਕਰ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਹੈਦਰਪੋਰਾ ਵਿੱਚ ਤਿੰਨ ਮੰਜ਼ਿਲਾ ਇਮਾਰਤ ਵਿਚ ਗਿਲਾਨੀ ਦੀ ਰਿਹਾਇਸ਼ ਸੀ ਅਤੇ ਇਹ ਤਹਿਰੀਕ-ਏ-ਹੁਰੀਅਤ ਦਾ ਮੁੱਖ ਦਫਤਰ ਹੈ। ਇਸ ਇਮਾਰਤ ਨੂੰ ਇਕ ਦਿਨ ਪਹਿਲਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਜ਼ਬਤ ਕਰ ਲਿਆ ਗਿਆ ਹੈ। ਮਹਿਬੂਬਾ ਨੇ ਕਿਹਾ ਕਿ ਗਿਲਾਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ 80 ਸਾਲਾ ਪਤਨੀ ਇਸ ਇਮਾਰਤ ਵਿਚ ਰਹਿੰਦੀ ਹੈ ਪਰ ਇਸ ਇਮਾਰਤ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਇੱਥੇ ਮਨੁੱਖਤਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਮੁਫਤੀ ਨੇ ਕਿਹਾ ਕਿ ਰਾਜਨੀਤਕ ਸੰਗਠਨਾਂ ਨਾਲ ਵਿਚਾਰਧਾਰਕ ਮੱਤਭੇਦ ਹੋ ਸਕਦੇ ਹਨ ਪਰ ਇਸ ਕਾਰਨ ਅਣਮਨੁੱਖੀ ਰਵੱਈਆ ਨਹੀਂ ਅਪਣਾਉਣਾ ਚਾਹੀਦਾ।
Advertisement
Advertisement