ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਂਦਰ ਨੇ ਜੀਐੱਸਟੀ ਸੁਧਾਰ ਦਾ ਖਰੜਾ ਸੂਬਿਆਂ ਨੂੰ ਭੇਜਿਆ

ਮੋਦੀ ਨੇ ਦੀਵਾਲੀ ਤੋਂ ਪਹਿਲਾਂ ਤਜਵੀਜ਼ ਲਾਗੂ ਕਰਨ ਲਈ ਰਾਜਾਂ ਤੋਂ ਸਹਿਯੋਗ ਮੰਗਿਆ; ਜੀਅੈੱਸਟੀ ’ਚ ਸੁਧਾਰ ਨਾਲ ਗਰੀਬ ਤੇ ਮੱਧ ਵਰਗ ਨੂੰ ਲਾਭ ਹੋਣ ਦਾ ਦਾਅਵਾ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਨੇ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਦਾ ਖਰੜਾ ਸੂਬਿਆਂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਦੀਵਾਲੀ ਤੋਂ ਪਹਿਲਾਂ ਇਹ ਤਜਵੀਜ਼ ਲਾਗੂ ਕਰਨ ਲਈ ਸੂਬਿਆਂ ਤੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਵਸਤੂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਵਿੱਚ ਸੁਧਾਰ ਨਾਲ ਗਰੀਬ ਅਤੇ ਮੱਧ ਵਰਗ ਦੇ ਨਾਲ-ਨਾਲ ਛੋਟੇ ਅਤੇ ਵੱਡੇ ਕਾਰੋਬਾਰਾਂ ਨੂੰ ਵੀ ਲਾਭ ਹੋਵੇਗਾ।

ਦੋ ਐਕਸਪ੍ਰੈਸਵੇਅਜ਼ ਦੇ ਉਦਘਾਟਨ ਤੋਂ ਬਾਅਦ ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਜੀਐੱਸਟੀ ਕਾਨੂੰਨ ਨੂੰ ਸਰਲ ਬਣਾਉਣਾ ਅਤੇ ਟੈਕਸ ਦਰਾਂ ਨੂੰ ਸੋਧਣਾ ਚਾਹੁੰਦੀ ਹੈ। ਮੋਦੀ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਜੀਐੱਸਟੀ ਕਾਨੂੰਨ ਵਿੱਚ ਸੁਧਾਰ ਦੀ ਤਜਵੀਜ਼ ਦਾ ਐਲਾਨ ਕੀਤਾ ਸੀ।

Advertisement

ਪ੍ਰਧਾਨ ਮੰਤਰੀ ਨੇ ਕਿਹਾ, ‘ਆਉਣ ਵਾਲੇ ਮਹੀਨਿਆਂ ਵਿੱਚ ਅਸੀਂ ਕਈ ਵੱਡੇ ਸੁਧਾਰ ਕਰਨ ਜਾ ਰਹੇ ਹਾਂ ਤਾਂ ਜੋ ਲੋਕਾਂ ਦਾ ਜੀਵਨ ਅਤੇ ਕਾਰੋਬਾਰ ਆਸਾਨ ਹੋ ਸਕੇ।’ ਉਨ੍ਹਾਂ ਕਿਹਾ, ‘ਇਸ ਦੀਵਾਲੀ ’ਤੇ ਲੋਕਾਂ ਨੂੰ ਜੀਐੱਸਟੀ ਸੁਧਾਰਾਂ ਰਾਹੀਂ ਦੋਹਰਾ ਬੋਨਸ ਮਿਲੇਗਾ।’ ਮੋਦੀ ਨੇ ਕਿਹਾ ਕਿ ਕੇਂਦਰ ਨੇ ਜੀਐੱਸਟੀ ਵਿੱਚ ਸੁਧਾਰ ਦੀ ਤਜਵੀਜ਼ ਦਾ ਖਰੜਾ ਸੂਬਿਆਂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ, ‘ਮੈਨੂੰ ਉਮੀਦ ਹੈ ਕਿ ਸਾਰੇ ਰਾਜ ਕੇਂਦਰ ਸਰਕਾਰ ਦੀ ਪਹਿਲਕਦਮੀ ਵਿੱਚ ਸਹਿਯੋਗ ਕਰਨਗੇ।’ ਉਨ੍ਹਾਂ ਰਾਜਾਂ ਨੂੰ ਇਹ ਪ੍ਰਕਿਰਿਆ ਜਲਦੀ ਤੋਂ ਜਲਦੀ ਪੂਰੀ ਕਰਨ ਦੀ ਅਪੀਲ ਕੀਤੀ, ਤਾਂ ਜੋ ਦੀਵਾਲੀ ਦਾ ਤਿਉਹਾਰ ਹੋਰ ਵੀ ਸ਼ਾਨਦਾਰ ਬਣ ਸਕੇ। ਉਨ੍ਹਾਂ ਕਿਹਾ ਕਿ ਇਸ ਸੁਧਾਰ ਦਾ ਉਦੇਸ਼ ਜੀਐੱਸਟੀ ਨੂੰ ਸਰਲ ਬਣਾਉਣਾ ਅਤੇ ਦਰਾਂ ਨੂੰ ਸੋਧਣਾ ਹੈ।

ਇਸ ਤਜਵੀਜ਼ ਤਹਿਤ ਮੌਜੂਦਾ ਚਾਰ ਟੈਕਸ ਸਲੈਬਾਂ ਦੀ ਜਗ੍ਹਾਂ ਹੁਣ ਸਿਰਫ਼ ਦੋ ਹੀ ਸਲੈਬਾਂ (5 ਫ਼ੀਸਦੀ ਅਤੇ 18 ਫ਼ੀਸਦੀ) ਰਹਿ ਜਾਣਗੀਆਂ। ਇਸ ਤੋਂ ਇਲਾਵਾ ਕੁਝ ਵਿਸ਼ੇਸ਼ ਵਸਤਾਂ ’ਤੇ 40 ਫ਼ੀਸਦੀ ਦੀ ਉੱਚਤਮ ਟੈਕਸ ਦਰ ਵੀ ਲਾਗੂ ਹੋਵੇਗੀ। ਜੇ ਜੀਐੱਸਟੀ ਕੌਂਸਲ ਇਸ ਦੋ ਸਲੈਬ ਪ੍ਰਣਾਲੀ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ 12 ਫ਼ੀਸਦ ਅਤੇ 28 ਫ਼ੀਸਦ ਦੀਆਂ ਸਲੈਬਾਂ ਖਤਮ ਹੋ ਜਾਣਗੀਆਂ। ਜੀਐੱਸਟੀ ਕੌਂਸਲ ਦੀ ਮੀਟਿੰਗ ਅਗਲੇ ਮਹੀਨੇ ਹੋਣ ਦੀ ਉਮੀਦ ਹੈ। -ਪੀਟੀਆਈ

ਮੱਖਣ, ਜੂਸ ਤੇ ਸੁੱਕੇ ਮੇਵੇ 12 ਤੋਂ 5 ਫ਼ੀਸਦ ਟੈਕਸ ਦੇ ਦਾਇਰੇ ਵਿੱਚ ਲਿਆਉਣ ਦੀ ਤਜਵੀਜ਼

ਮੌਜੂਦਾ ਸਮੇਂ ਜ਼ਰੂਰੀ ਖਾਣ-ਪੀਣ ਦੀਆਂ ਵਸਤਾਂ ’ਤੇ ਜ਼ੀਰੋ ਫ਼ੀਸਦ ਜੀਐੱਸਟੀ, ਰੋਜ਼ਾਨਾ ਵਰਤੋਂ ਦੀਆਂ ਵਸਤਾਂ ’ਤੇ ਪੰਜ ਫ਼ੀਸਦ, ਮਿਆਰੀ ਵਸਤੂਾਂ ’ਤੇ 12 ਫ਼ੀਸਦ, ਇਲੈਕਟ੍ਰਾਨਿਕਸ ਉਤਪਾਦਾਂ ਅਤੇ ਸੇਵਾਵਾਂ ’ਤੇ 18 ਫ਼ੀਸਦ, ਜਦਕਿ ਲਗਜ਼ਰੀ ਅਤੇ ਨੁਕਸਾਨਦੇਹ ਵਸਤਾਂ ’ਤੇ 28 ਫ਼ੀਸਦ ਜੀਐੱਸਟੀ ਲਾਇਆ ਜਾਂਦਾ ਹੈ। ਨਵੀਂ ਤਜਵੀਜ਼ ਅਨੁਸਾਰ 12 ਫ਼ੀਸਦ ਟੈਕਸ ਸਲੈਬ ਵਿੱਚ ਆਉਣ ਵਾਲੀਆਂ ਲਗਪਗ 99 ਫ਼ੀਸਦ ਵਸਤਾਂ, ਜਿਵੇਂ ਕਿ ਮੱਖਣ, ਜੂਸ ਅਤੇ ਸੁੱਕੇ ਮੇਵਿਆਂ ਨੂੰ ਹੁਣ ਸਿਰਫ਼ 5 ਫ਼ੀਸਦ ਟੈਕਸ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ। ਇਸੇ ਤਰ੍ਹਾਂ 28 ਫ਼ੀਸਦ ਵਾਲੀ ਉੱਚੀ ਸਲੈਬ ਵਿੱਚ ਸ਼ਾਮਲ ਇਲੈਕਟ੍ਰਾਨਿਕ ਉਪਕਰਨ ਜਿਵੇਂ ਏਸੀ, ਟੀਵੀ, ਫਰਿੱਜ ਅਤੇ ਵਾਸ਼ਿੰਗ ਮਸ਼ੀਨਾਂ ਸਮੇਤ ਸੀਮਿੰਟ ਵਰਗੀਆਂ 90 ਫ਼ੀਸਦ ਚੀਜ਼ਾਂ ਨੂੰ 18 ਫ਼ੀਸਦ ਵਾਲੀ ਸਲੈਬ ਵਿੱਚ ਸ਼ਿਫਟ ਕੀਤਾ ਜਾਵੇਗਾ।

 

Advertisement