ਕੇਂਦਰ ਨੇ ਬਿਹਾਰੀਆਂ ਨਾਲ ਝੂਠ ਬੋਲਿਆ: ਰਾਹੁਲ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਤਿਉਹਾਰਾਂ ਦੇ ਮੌਸਮ ’ਚ ਬਿਹਾਰ ਜਾਣ ਲਈ ਲੋੜੀਂਦੀ ਗਿਣਤੀ ’ਚ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਸੂਬੇ ’ਚ ਚੋਣਾਂ ਤੋਂ ਪਹਿਲਾਂ ਵੋਟਾਂ ਹਾਸਲ ਕਰ ਲਈ ‘ਝੂਠ’ ਬੋਲਿਆ ਗਿਆ ਅਤੇ ਬੇਵਸ ਮੁਸਾਫਰ ਐਨ ਡੀ ਏ ਦੀਆਂ ਧੋਖੇਬਾਜ਼ ਨੀਤੀਆਂ ਦਾ ਜਿਊਂਦਾ ਜਾਗਦਾ ਸਬੂਤ ਹਨ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਬਿਹਾਰ ਜਾਣ ਵਾਲੀਆਂ ਰੇਲ ਗੱਡੀਆਂ ਭਰੀਆਂ ਹੋਈਆਂ ਹਨ ਅਤੇ ਟਿਕਟ ਮਿਲਣਾ ਸੰਭਵ ਨਹੀਂ ਹੈ, ਤਿਉਹਾਰੀ ਸੀਜ਼ਨ ’ਚ ਯਾਤਰਾ ਅਣਮਨੁੱਖੀ ਹੋ ਜਾਂਦੀ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸੁਰੱਖਿਅਤ ਤੇ ਇੱਜ਼ਤ ਨਾਲ ਯਾਤਰਾ ਅਧਿਕਾਰ ਹੈ, ਕੋਈ ਅਹਿਸਾਨ ਨਹੀਂ। ਉਨ੍ਹਾਂ ਐਕਸ ’ਤੇ ਪੋਸਟ ’ਚ ਕਿਹਾ, ‘‘ਇਹ ਤਿਉਹਾਰਾਂ ਦਾ ਮਹੀਨਾ ਹੈ। ਦੀਵਾਲੀ, ਭਾਈ ਦੂਜ ਤੇ ਛੱਠ। ਬਿਹਾਰ ’ਚ ਇਨ੍ਹਾਂ ਤਿਉਹਾਰਾਂ ਦਾ ਮਤਲਬ ਆਸਥਾ ਤੋਂ ਵੱਧ ਕੇ, ਘਰ ਮੁੜਨ ਦੀ ਤੜਫ ਵੀ ਹੈ। ਮਿੱਟੀ ਦੀ ਖੁਸ਼ਬੂ, ਪਰਿਵਾਰ ਨਾਲ ਸਨੇਹ, ਪਿੰਡ ਦਾ ਨਿੱਘ।’’ ਉਨ੍ਹਾਂ ਕਿਹਾ ਕਿ ਇਹ ਤੜਫ ਹੁਣ ਸੰਘਰਸ਼ ਬਣ ਗਈ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਬਿਹਾਰ ਜਾਣ ਵਾਲੀਆਂ ਰੇਲ ਗੱਡੀਆਂ ਨੱਕੋ-ਨੱਕ ਭਰੀਆਂ ਹੋਈਆਂ ਹਨ, ਟਿਕਟ ਮਿਲਣੀ ਸੰਭਵ ਨਹੀਂ ਹੈ ਅਤੇ ਯਾਤਰਾ ਅਣਮਨੁੱਖੀ ਹੋ ਗਈ ਹੈ। ਕਈ ਰੇਲ ਗੱਡੀਆਂ 200 ਫੀਸਦ ਓਵਰਲੋਡ ਹਨ। ਲੋਕ ਦਰਵਾਜ਼ਿਆਂ ਤੇ ਛੱਤਾਂ ’ਤੇ ਲਟਕੇ ਹੋਏ ਹਨ।’’ ਉਨ੍ਹਾਂ ਪੁੱਛਿਆ, ‘‘12 ਹਜ਼ਾਰ ਵਿਸ਼ੇਸ਼ ਰੇਲ ਗੱਡੀਆਂ ਕਿੱਥੇ ਹਨ? ਹਰ ਸਾਲ ਹਾਲਾਤ ਕਿਉਂ ਵਿਗੜਦੇ ਹਨ? ਬਿਹਾਰ ਦੇ ਲੋਕ ਹਰ ਸਾਲ ਇੰਨੀ ਤਰਸਯੋਗ ਹਾਲਤ ’ਚ ਘਰ ਮੁੜਨ ਲਈ ਕਿਉਂ ਮਜਬੂਰ ਹਨ।’’
