ਕੇਂਦਰ ਨੇ ਛੱਠ ਮੌਕੇ ਲੋੜੀਂਦੀਆਂ ਰੇਲਾਂ ਨਹੀਂ ਚਲਾਈਆਂ: ਲਾਲੂ
ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਮੁਖੀ ਲਾਲੂ ਪ੍ਰਸਾਦ ਨੇ ਅੱਜ ਕੇਂਦਰ ਸਰਕਾਰ ’ਤੇ ਛੱਠ ਪੂਜਾ ਦੌਰਾਨ ਆਪਣੇ ਘਰ ਆਉਣ ਵਾਲੇ ਬਿਹਾਰ ਦੇ ਵਸਨੀਕਾਂ ਲਈ ਲੋੜੀਂਦੀਆਂ ਰੇਲ ਗੱਡੀਆਂ ਨਾ ਚਲਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਲੋਕ ‘ਅਣਮਨੁੱਖੀ ਹਾਲਾਤ ’ਚ ਯਾਤਰਾ ਕਰਨ ਲਈ ਮਜਬੂਰ’ ਹਨ। ਸਾਬਕਾ ਮੁੱਖ ਮੰਤਰੀ ਨੇ ਬਿਹਾਰ ਜਾਣ ਵਾਲੀ ਨੱਕੋ-ਨੱਕ ਭਰੀ ਰੇਲ ਗੱਡੀ ’ਚ ਯਾਤਰਾ ਕਰਦੇ ਲੋਕਾਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਆਰ ਜੇ ਡੀ ਮੁਖੀ ਨੇ ਐਕਸ ’ਤੇ ਲਿਖਿਆ, ‘‘ਝੂਠ ਦੇ ਬੇਤਾਜ ਬਾਦਸ਼ਾਹ ਅਤੇ ਜੁਮਲਿਆਂ ਦੇ ਸਰਦਾਰ ਨੇ ਸ਼ੇਖੀ ਮਾਰਦਿਆਂ ਕਿਹਾ ਸੀ ਕਿ ਦੇਸ਼ ਦੀਆਂ ਕੁੱਲ 13,198 ਰੇਲ ਗੱਡੀਆਂ ’ਚੋਂ 12 ਹਜ਼ਾਰ ਰੇਲ ਗੱਡੀਆਂ ਛੱਠ ਪੂਜਾ ਮੌਕੇ ਬਿਹਾਰ ਲਈ ਚਲਾਈਆਂ ਜਾਣਗੀਆਂ। ਇਹ ਵੀ ਸਫੈਦ ਝੂਠ ਨਿਕਲਿਆ। ਮੇਰੇ ਬਿਹਾਰ ਵਾਸੀਆਂ ਨੂੰ ਅਣਮਨੁੱਖੀ ਢੰਗ ਨਾਲ ਰੇਲ ਗੱਡੀਆਂ ’ਚ ਸਫਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਐੱਨ ਡੀ ਏ ਸਰਕਾਰ ਦੇ ਰਾਜ ਵਿੱਚ ਹਿਜਰਤ ਦਾ ਦੁੱਖ ਝੱਲ ਰਹੇ ਬਿਹਾਰੀਆਂ ਲਈ ਛੱਠ ਮੌਕੇ ਇਹ ਲੋਕ ਰੇਲ ਗੱਡੀਆਂ ਵੀ ਢੰਗ ਨਾਲ ਨਹੀਂ ਚਲਵਾ ਸਕਦੇ।
