ਕੇਂਦਰ ਨੇ ਲੱਦਾਖ ਦੇ ਆਗੂਆਂ ਨੂੰ ਗੱਲਬਾਤ ਲਈ ਸੱਦਿਆ
ਲਦਾਖ ਦੇ ਸੰਸਦ ਮੈਂਬਰ ਦੇ ਨਾਲ ਛੇ ਲੱਦਾਖ ਨੇਤਾਵਾਂ, ਲੇਹ ਅਤੇ ਕਾਰਗਿਲ ਤੋਂ ਤਿੰਨ-ਤਿੰਨ, ਵਾਲੀ ਇੱਕ ਉਪ-ਕਮੇਟੀ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਹੈ।
ਇਹ ਸੱਦਾ ਗ੍ਰਹਿ ਮੰਤਰਾਲੇ ਵੱਲੋਂ 24 ਸਤੰਬਰ ਨੂੰ ਹੋਈ ਹਿੰਸਾ ਦੀ ਨਿਆਂਇਕ ਜਾਂਚ ਦਾ ਐਲਾਨ ਕਰਨ ਤੋਂ ਦੋ ਦਿਨ ਬਾਅਦ ਆਇਆ ਹੈ, ਜਿਸ ਵਿੱਚ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕੀਤੀ, ਜਿਸ ਦੌਰਾਨ ਲੇਹ ਜ਼ਿਲ੍ਹੇ ਵਿੱਚ ਚਾਰ ਜਣੇ ਮਾਰੇ ਗਏ ਸਨ।
ਲੇਹ ਐਪੈਕਸ ਬਾਡੀ ਦੇ ਸਹਿ-ਚੇਅਰਮੈਨ ਅਤੇ ਸਬ-ਕਮੇਟੀ ਦੇ ਮੈਂਬਰ ਚੈਰਿੰਗ ਦੋਰਜੇ ਲਾਕਰੁਕ ਨੇ ਪੁਸ਼ਟੀ ਕੀਤੀ ਕਿ ਛੇਵੀਂ ਅਨੁਸੂਚੀ ਅਤੇ ਲੱਦਾਖ ਲਈ ਰਾਜ ਦਾ ਦਰਜਾ ’ਤੇ ਕੇਂਦਰਿਤ ਚਰਚਾ ਲਈ ਸਮੂਹ ਨੂੰ ਨਵੀਂ ਦਿੱਲੀ ਸੱਦਿਆ ਗਿਆ ਹੈ।
ਲਾਕਰੁਕ ਨੇ ਕਿਹਾ, ‘‘ਅਸੀਂ ਕਾਰਕੁਨ ਸੋਨਮ ਵਾਂਗਚੁਕ ਅਤੇ 25 ਹੋਰਾਂ ਦੀ ਰਿਹਾਈ ’ਤੇ ਵੀ ਚਰਚਾ ਕਰਾਂਗੇ, ਜਿਨ੍ਹਾਂ ਨੂੰ ਲੇਹ ਵਿੱਚ 24 ਸਤੰਬਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ।’’
ਉਨ੍ਹਾਂ ਕਿਹਾ ਕਿ ਸਬ-ਕਮੇਟੀ ’ਚ ਵਿਚਾਰ-ਵਟਾਂਦਰੇ ਤੋਂ ਬਾਅਦ ਆਗੂ ਲੱਦਾਖ ’ਤੇ ਹੋਰ ਵਿਚਾਰ-ਚਰਚਾ ਲਈ ਗ੍ਰਹਿ ਮੰਤਰਾਲੇ ਦੀ ਉੱਚ-ਸ਼ਕਤੀਸ਼ਾਲੀ ਕਮੇਟੀ ਨਾਲ ਮੁਲਾਕਾਤ ਕਰਨਗੇ।
ਲੱਦਾਖ ਲੀਡਰਸ਼ਿਪ ਨੇ ਲਗਾਤਾਰ ਚਾਰ ਮੁੱਖ ਮੰਗਾਂ ਰੱਖੀਆਂ ਹਨ: ਸੰਵਿਧਾਨ ਦੀ ਛੇਵੀਂ ਅਨੁਸੂਚੀ ਅਧੀਨ ਸ਼ਾਮਲ ਕਰਨਾ, ਰਾਜ ਦਾ ਦਰਜਾ ਦੇਣਾ, ਲੱਦਾਖ ਲਈ ਇੱਕ ਸਮਰਪਿਤ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ ਅਤੇ ਦੋ ਸੰਸਦੀ ਸੀਟਾਂ (ਮੌਜੂਦਾ ਸਮੇਂ ਯੂਟੀ ਕੋਲ ਸਿਰਫ ਇੱਕ ਹੈ)।