ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਹਾਕੀ ਦੇ ਸੌ ਸਾਲ ਪੂਰੇ ਹੋਣ ’ਤੇ ਮਨਾਏ ਜਸ਼ਨ

ਗੁਰਬਖ਼ਸ਼ ਸਿੰਘ ਤੋਂ ਲੈ ਕੇ ਹਰਮਨਪ੍ਰੀਤ ਤੱਕ ਕਈ ਖਿਡਾਰੀਆਂ ਨੇ ਸਾਂਝੇ ਕੀਤੇ ਤਜਰਬੇ; ਕਈ ਉੱਘੇ ਖਿਡਾਰੀਆਂ ਦਾ ਸਨਮਾਨ
ਨਵੀਂ ਦਿੱਲੀ ਵਿੱਚ ਸਾਬਕਾ ਹਾਕੀ ਖਿਡਾਰੀ ਬ੍ਰਿਗੇਡੀਅਰ (ਸੇਵਾਮੁਕਤ) ਹਰਚਰਨ ਸਿੰਘ ਦਾ ਸਨਮਾਨ ਕਰਦੇ ਹੋਏ ਕੇਂਦਰੀ ਮੰਤਰੀ ਮਨਸੁੱਖ ਮਾਂਡਵੀਆ ਤੇ ਕਿਰਨ ਰਿਜਿਜੂ। -ਫੋਟੋ: ਪੀਟੀਆਈ
Advertisement
ਓਲੰਪਿਕ ਸੋਨ ਤਗ਼ਮਾ ਜੇਤੂ 90 ਸਾਲ ਦੇ ਗੁਰਬਖ਼ਸ਼ ਸਿੰਘ ਤੋਂ ਲੈ ਕੇ ਪੈਰਿਸ ਓਲੰਪਿਕ 2024 ’ਚ ਕਾਂਸੀ ਤਗ਼ਮਾ ਜਿੱਤਣ ਵਾਲੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੱਕ ਕਈ ਦਿੱਗਜਾਂ ਨੇ ਭਾਰਤੀ ਹਾਕੀ ਦੇ ਸੌ ਸਾਲ ਪੂਰੇ ਹੋਣ ਮੌਕੇ ਆਪਣੇ ਤਜਰਬੇ ਸਾਂਝੇ ਕੀਤੇ। ਸੌ ਸਾਲ ਪਹਿਲਾਂ 1925 ਵਿੱਚ ਗਵਾਲੀਅਰ ’ਚ ਭਾਰਤੀ ਹਾਕੀ ਫੈਡਰੇਸ਼ਨ ਦਾ ਗਠਨ ਹੋਇਆ ਸੀ।

ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਹਾਕੀ ਟੀਮ ਦੇ ਮਹਾਨਾਇਕਾਂ ਨੂੰ ਇਸ ਮੌਕੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ’ਚ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੀਆਂ ਜਾਣ ਵਾਲੀਆਂ ਹੋਰਨਾਂ ਸ਼ਖ਼ਸੀਅਤਾਂ ’ਚ ਗੁਰਬਖ਼ਸ਼ ਸਿੰਘ (1964 ਤੇ 1968), ਹਰਬਿੰਦਰ ਸਿੰਘ (1964, 1968 ਤੇ 1972), ਅਸ਼ੋਕ ਕੁਮਾਰ (1972 ਓਲੰਪਿਕ ਤੇ 1975 ਵਿਸ਼ਵ ਕੱਪ), ਬੀ ਪੀ ਗੋਵਿੰਦਾ (1972 ਓਲੰਪਿਕ ਤੇ 1975 ਵਿਸ਼ਵ ਕੱਪ), ਅਸਲਮ ਸ਼ੇਖ ਖਾਨ (1975 ਵਿਸ਼ਵ ਕੱਪ), ਜ਼ਫ਼ਰ ਇਕਬਾਲ (1980 ਓਲੰਪਿਕ), ਬ੍ਰਿਗੇਡੀਅਰ ਹਰਚਰਨ ਸਿੰਘ (1972 ਓਲੰਪਿਕ) ਤੋਂ ਇਲਾਵਾ ਰੋਮੀਓ ਜੇਮਜ਼, ਅਸੁੰਥਾ ਲਾਕੜਾ ਅਤੇ ਸੁਭੱਦਰਾ ਪ੍ਰਧਾਨ ਸ਼ਾਮਲ ਹਨ।

Advertisement

ਇਸ ਮੌਕੇ ਖੇਡ ਮੰਤਰੀ ਮਨਸੁੱਖ ਮਾਂਡਵੀਆ ਨੇ ਕਿਹਾ, ‘‘ਹਾਕੀ ਰਾਹੀਂ ਹੀ ਓਲੰਪਿਕ ਵਿੱਚ ਭਾਰਤ ਨੂੰ ਪਛਾਣ ਮਿਲੀ ਅਤੇ ਦੁਨੀਆ ਨੂੰ ਦਿਖਾਇਆ ਕਿ ਖੇਡਾਂ ’ਚ ਸਾਡਾ ਦੇਸ਼ ਕੀ ਕਰ ਸਕਦਾ ਹੈ ਅਤੇ ਉਦੋਂ ਤੋਂ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ। ਖੇਡਾਂ ਨੇ ਕਾਫੀ ਉਤਾਰ-ਚੜ੍ਹਾਅ ਦੇਖੇ ਹਨ। ਆਪਣੇ ਸ਼ਾਨਾਮੱਤੇ ਇਤਿਹਾਸ ਦੇ ਨਾਲ ਭਾਰਤੀ ਹਾਕੀ ਨੇ ਅਗਲੇ ਓਲੰਪਿਕ ਤਗ਼ਮੇ ਵੱਲ ਕਦਮ ਵਧਾ ਦਿੱਤੇ ਹਨ।’’

ਇਸ ਮੌਕੇ ਦੇਸ਼ ਭਰ ਵਿੱਚ ਇਕ ਹਜ਼ਾਰ ਤੋਂ ਵੱਧ ਹਾਕੀ ਮੈਚ ਕਰਵਾਏ ਗਏ। ਇਸ ਦੇ ਨਾਲ ਹੀ ਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਹਾਕੀ ਦੇ ਸ਼ਾਨਾਮੱਤੇ ਇਤਿਹਾਸ ਦੀ ਝਾਂਕੀ ਪੇਸ਼ ਕਰਦੀਆਂ ਦੁਰਲੱਭ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਗਿਆ, ਜਿਸ ’ਚ 1925 ਐਮਸਟਰਡਮ ਓਲੰਪਿਕ ਤੋਂ ਲੈ ਕੇ ਪੈਰਿਸ ਓਲੰਪਿਕ 2024 ਤੱਕ ਦੇ ਖ਼ਾਸ ਪਲਾਂ ਦੀ ਝਲਕ ਦੇਖੀ ਜਾ ਸਕਦੀ ਹੈ। ਮਾਂਡਵੀਆ ਦੀ ਕਪਤਾਨੀ ਵਾਲੀ ਖੇਡ ਮੰਤਰੀ ਇਲੈਵਨ ਤੇ ਦਿਲੀਪ ਟਿਰਕੀ ਦੀ ਹਾਕੀ ਇੰਡੀਆ ਇਲੈਵਨ ਦਰਮਿਆਨ ਵੀ ਮੈਚ ਖੇਡਿਆ ਗਿਆ, ਜਿਸ ਵਿੱਚ ਕੌਮੀ ਮਹਿਲਾ ਤੇ ਪੁਰਸ਼ ਟੀਮਾਂ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ।

 

 

Advertisement
Show comments