ਸੀਬੀਐੱਸਈ ਨੇ ਬੋਰਡ ਜਮਾਤਾਂ ਦੀ ਸੰਭਾਵੀ ਡੇਟਸ਼ੀਟ ਐਲਾਨੀ; 17 ਫਰਵਰੀ ਤੋਂ 15 ਜੁਲਾਈ ਤਕ ਹੋਣਗੀਆਂ ਪ੍ਰੀਖਿਆਵਾਂ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਅਗਲੇ ਸਾਲ 10 ਅਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਸੰਭਾਵੀ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆਵਾਂ 17 ਫਰਵਰੀ ਤੋਂ 15 ਜੁਲਾਈ ਤਕ ਕਰਵਾਈਆਂ ਜਾਣਗੀਆਂ।
ਸੀਬੀਐਸਈ ਮੁਹਾਲੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਤੇ ਫਾਈਨਲ ਡੇਟਸ਼ੀਟ ਪ੍ਰੀਖਿਆਵਾਂ ਤੋਂ ਥੋੜ੍ਹਾ ਸਮਾਂ ਪਹਿਲਾਂ ਐਲਾਨੀ ਜਾਵੇਗੀ ਪਰ ਸੰਭਾਵੀ ਪ੍ਰੀਖਿਆਵਾਂ ਦੀਆਂ ਤਰੀਕਾਂ ਵਿਚ ਜ਼ਿਆਦਾ ਬਦਲਾਅ ਨਹੀਂ ਕੀਤੇ ਜਾਣਗੇ।
ਸੀਬੀਐਸਈ ਦੇ ਪ੍ਰੀਖਿਆਵਾਂ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਇਸ ਵਾਰ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਮੁੱਖ ਪ੍ਰੀਖਿਆਵਾਂ, ਬਾਰ੍ਹਵੀਂ ਜਮਾਤ ਦੇ ਖੇਡਾਂ ਵਾਲੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ, ਦਸਵੀਂ ਜਮਾਤ ਦੀ ਦੂਜੀ ਪ੍ਰੀਖਿਆ ਤੇ ਬਾਰ੍ਹਵੀਂ ਜਮਾਤ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਹੋਣਗੀਆਂ। ਇਹ ਪਹਿਲੀ ਵਾਰ ਹੈ ਕਿ ਸੀਬੀਐਸਈ ਨੇ ਇੰਨੀ ਜਲਦੀ ਡੇਟਸ਼ੀਟ ਐਲਾਨੀ ਹੈ। ਇਸ ਵਾਰ ਬੋਰਡ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਨ ਦਾ ਜ਼ਿਆਦਾ ਸਮਾਂ ਦਿੱਤਾ ਹੈ ਤੇ ਅਧਿਆਪਕਾਂ ਨੂੰ ਇਸ ਡੇਟਸ਼ੀਟ ਅਨੁਸਾਰ ਅਗਾਊਂ ਤਿਆਰੀ ਕਰਵਾਉਣ ਲਈ ਕਿਹਾ ਗਿਆ ਹੈ। ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ ਬੋਰਡ ਪ੍ਰੀਖਿਆਵਾਂ ਹੋਣਗੀਆਂ।