ਸੀਬੀਐੱਸਈ ਵੱਲੋਂ ਵਿਸ਼ੇਸ਼ ਕੇਸਾਂ ’ਚ ਇਕ ਸੈਕਸ਼ਨ ਵਿਚ 45 ਵਿਦਿਆਰਥੀਆਂ ਦੇ ਦਾਖ਼ਲੇ ਦੀ ਇਜਾਜ਼ਤ
ਸੀਬੀਐੱਸਈ ਨੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਅਸਧਾਰਨ ਕੇਸਾਂ ਵਿੱਚ ਇੱਕ ਸੈਕਸ਼ਨ ਵਿੱਚ 45 ਵਿਦਿਆਰਥੀਆਂ ਦੇ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ। ਉਂਝ ਨੇਮਾਂ ਮੁਤਾਬਕ ਇਕ ਸੈਕਸ਼ਨ ਵਿਚ 40 ਵਿਦਿਆਰਥੀ ਹੀ ਦਾਖ਼ਲ ਕੀਤੇ ਜਾ ਸਕਦੇ ਹਨ। ਇਸ ਪੇਸ਼ਕਦਮੀ ਦਾ ਇਕੋ ਇਕ ਮੰਤਵ ਅਜਿਹੇ ਮਾਮਲਿਆਂ ਨੂੰ ਹੱਲ ਕਰਨਾ ਹੈ ਜਿੱਥੇ ਵਾਧੂ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਲਾਜ਼ਮੀ ਹੋ ਜਾਂਦਾ ਹੈ। ਹਾਲਾਂਕਿ ਇਹ ਛੋਟ ਮਾਪਿਆਂ ਦੇ ਇੱਕ ਤੋਂ ਦੂਜੇ ਥਾਂ ਤਬਾਦਲੇ ਦੇ ਮਾਮਲਿਆਂ ਵਿੱਚ ਲਾਗੂ ਹੋਵੇਗੀ, ਖਾਸ ਕਰਕੇ ਅਜਿਹੇ ਮਾਮਲੇ ਜਿੱਥੇ ਮਾਪੇ ਰੱਖਿਆ ਸੇਵਾਵਾਂ, ਸੇਵਾ ਕੇਂਦਰੀ ਸਰਕਾਰੀ ਕਰਮਚਾਰੀਆਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਨਿੱਜੀ ਖੇਤਰ ਦੇ ਸੰਗਠਨਾਂ ਵਿੱਚ ਨੌਕਰੀ ਕਰਦੇ ਹਨ। ਇਹ ਪੇਸ਼ਕਦਮੀ ਗੰਭੀਰ ਡਾਕਟਰੀ ਸਥਿਤੀ ਵਾਲੇ ਵਿਦਿਆਰਥੀਆਂ, ਹੋਸਟਲਾਂ ਤੋਂ ਸ਼ਿਫਟ ਹੋਣ ਵਾਲੇ ਵਿਦਿਆਰਥੀਆਂ ਨੂੰ ਵੀ ਕਵਰ ਕਰਦਾ ਹੈ।
ਬੋਰਡ ਨੇ ਕਿਹਾ, ‘‘ਹਰੇਕ ਸੈਕਸ਼ਨ ਵਿਚ 40 ਵਿਦਿਆਰਥੀਆਂ ਦੀ ਨਿਰਧਾਰਿਤ ਹੱਦ ਕਰਕੇ ਸਕੂਲਾਂ ਨੂੰ ਸਿੱਧੇ ਦਾਖਲੇ ਦੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਵਿੱਚ ਮੁਸ਼ਕਲ ਆਉਂਦੀ ਹੈ। ਲਿਹਾਜ਼ਾ ਸਕੂਲਾਂ ਨੂੰ ਇੱਕ ਸੈਕਸ਼ਨ ਵਿੱਚ 45 ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦੇ ਮਾਮਲੇ ’ਤੇ ਵਿਚਾਰ ਕੀਤਾ ਗਿਆ ਹੈ। ਅਸਾਧਾਰਨ ਹਾਲਾਤ ਵਿੱਚ ਸਕੂਲ ਇਕ ਸੈਕਸ਼ਨ ਵਿਚ 40 ਵਿਦਿਆਰਥੀਆਂ ਦੀ ਨਿਰਧਾਰਤ ਹੱਦ ਦੀ ਥਾਂ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਵੱਧ ਤੋਂ ਵੱਧ 45 ਵਿਦਿਆਰਥੀਆਂ ਨੂੰ ਰਜਿਸਟਰ ਕਰ ਸਕਦੇ ਹਨ।’’ ਸੀਬੀਐੱਸਈ ਨੇ ਸਪੱਸ਼ਟ ਕੀਤਾ ਕਿ ਸਕੂਲ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸਮੇਂ ਪੋਰਟਲ ਵਿੱਚ ਹਰੇਕ ਸੈਕਸ਼ਨ ਵਿੱਚ 40 ਦੀ ਹੱਦ ਤੋਂ ਵੱਧ ਦੇ ਦਾਖਲਿਆਂ ਲਈ ਕਾਰਨ ਦਰਜ ਕਰਨਗੇ।