ਸੀ ਬੀ ਆਈ ਵੱਲੋਂ ਮੁਸਤਫ਼ਾ ਤੇ ਪਰਿਵਾਰ ਵਿਰੁੱਧ ਕੇਸ ਦਰਜ
ਪੁੱਤਰ ਅਕੀਲ ਅਖ਼ਤਰ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਮੁਹੰਮਦ ਮੁਸਤਫ਼ਾ, ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਸੀ ਬੀ ਆਈ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ ਬੀ ਆਈ ਵੱਲੋਂ ਵੀਰਵਾਰ ਦੇਰ ਰਾਤ ਦਰਜ ਕੇਸ ’ਚ ਅਕੀਲ ਅਖ਼ਤਰ ਦੀ ਪਤਨੀ ਅਤੇ ਭੈਣ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਂਝ, ਹਰਿਆਣਾ ਸਰਕਾਰ ਨੇ ਕੇਸ ਦਰਜ ਮਗਰੋਂ ਮਾਮਲੇ ਦੀ ਜਾਂਚ ਸੀ ਬੀ ਆਈ ਹਵਾਲੇ ਕਰਨ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ। ਕੇਂਦਰ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਸੀ ਬੀ ਆਈ ਨੇ ਇਹ ਕੇਸ ਸ਼ਮਸੂਦੀਨ ਚੌਧਰੀ ਵਾਸੀ ਮਾਲੇਰਕੋਟਲਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਅਕੀਲ ਅਖ਼ਤਰ ਨੇ 27 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਸ ਨੂੰ ਪਤਨੀ ਅਤੇ ਪਿਤਾ ਵਿਚਕਾਰ ਕਥਿਤ ਤੌਰ ’ਤੇ ‘ਨਾਜਾਇਜ਼ ਸਬੰਧਾਂ’ ਦਾ ਪਤਾ ਲੱਗਾ ਹੈ। ਅਕੀਲ ਨੇ ਪੋਸਟ ਵਿੱਚ ਇਹ ਵੀ ਕਿਹਾ ਸੀ ਕਿ ਪੂਰਾ ਪਰਿਵਾਰ ਉਸ ਨੂੰ ਮਾਰਨ ਜਾਂ ਝੂਠੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਘੜ ਰਿਹਾ ਹੈ। ਇਸ ਮਗਰੋਂ 16 ਅਕਤੂਬਰ ਨੂੰ ਉਸ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ।
