ਸੀਬੀਆਈ ਵੱਲੋਂ ਸੋਨਮ ਵਾਂਗਚੁੱਕ ਦੀ ਸੰਸਥਾ ਵੱਲੋਂ FCRA ਉਲੰਘਣਾ ਦੀ ਜਾਂਚ ਜਾਰੀ: ਅਧਿਕਾਰੀ
ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤੋਂ ਜਾਂਚ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ।
ਜਦੋਂ ਸੰਪਰਕ ਕੀਤਾ ਗਿਆ, ਤਾਂ ਵਾਂਗਚੁੱਕ ਨੇ ਪੀ ਟੀ ਆਈ ਨੂੰ ਦੱਸਿਆ ਕਿ ਲਗਪਗ 10 ਦਿਨ ਪਹਿਲਾਂ ਸੀ ਬੀ ਆਈ. ਦੀ ਇੱਕ ਟੀਮ ਆਦੇਸ਼ ਲੈ ਕੇ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਗ੍ਰਹਿ ਮੰਤਰਾਲੇ ਦੀ ਇੱਕ ਸ਼ਿਕਾਇਤ ’ਤੇ ਕਾਰਵਾਈ ਕਰ ਰਹੇ ਹਨ ਜਿਸ ਵਿੱਚ ਹਿਮਾਲੀਅਨ ਇੰਸਟੀਚਿਊਟ ਆਫ਼ ਅਲਟਰਨੇਟਿਵਜ਼ ਲੱਦਾਖ (HIAL) ਵਿੱਚ ਕਥਿਤ ਐਫ ਸੀ ਆਰ ਏ ਉਲੰਘਣਾਵਾਂ ਦਾ ਜ਼ਿਕਰ ਹੈ।
ਵਾਂਗਚੁੱਕ ਨੇ ਦਾਅਵਾ ਕੀਤਾ, ‘‘ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਸੀਂ ਵਿਦੇਸ਼ੀ ਫੰਡ ਪ੍ਰਾਪਤ ਕਰਨ ਲਈ ਐਫ ਸੀ ਆਰ ਏ ਦੇ ਤਹਿਤ ਕਲੀਅਰੈਂਸ ਨਹੀਂ ਲਈ ਹੈ। ਅਸੀਂ ਵਿਦੇਸ਼ੀ ਫੰਡਾਂ ’ਤੇ ਨਿਰਭਰ ਨਹੀਂ ਹੋਣਾ ਚਾਹੁੰਦੇ, ਪਰ ਅਸੀਂ ਆਪਣਾ ਗਿਆਨ ਨਿਰਯਾਤ ਕਰਦੇ ਹਾਂ ਅਤੇ ਮਾਲੀਆ ਇਕੱਠਾ ਕਰਦੇ ਹਾਂ। ਅਜਿਹੇ ਤਿੰਨ ਮਾਮਲਿਆਂ ਵਿੱਚ, ਉਨ੍ਹਾਂ ਨੇ ਸੋਚਿਆ ਕਿ ਇਹ ਵਿਦੇਸ਼ੀ ਯੋਗਦਾਨ ਸੀ।’’
ਉਨ੍ਹਾਂ ਕਿਹਾ ਕਿ ਸੀ ਬੀ ਆਈ ਦੀ ਇੱਕ ਟੀਮ ਪਿਛਲੇ ਹਫ਼ਤੇ HIAL ਅਤੇ ਸਟੂਡੈਂਟਸ' ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ਼ ਲੱਦਾਖ (SECMOL) ਦਾ ਦੌਰਾ ਕੀਤਾ, 2022 ਅਤੇ 2024 ਦੇ ਵਿਚਕਾਰ ਪ੍ਰਾਪਤ ਕੀਤੇ ਗਏ ਵਿਦੇਸ਼ੀ ਫੰਡਾਂ ਦੇ ਵੇਰਵੇ ਮੰਗੇ। ਉਨ੍ਹਾਂ ਕਿਹਾ ਕਿ ਟੀਮਾਂ ਅਜੇ ਵੀ ਲੱਦਾਖ ਵਿੱਚ ਡੇਰਾ ਲਾਈ ਬੈਠੀਆਂ ਹਨ ਅਤੇ ਸੰਸਥਾਵਾਂ ਦੇ ਖਾਤਿਆਂ ਅਤੇ ਬਿਆਨਾਂ ਦੀ ਜਾਂਚ ਕਰ ਰਹੀਆਂ ਹਨ।
ਵਾਂਗਚੁੱਕ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਦਾ ਸ਼ਿਕਾਇਤ ਵਿੱਚ ਜ਼ਿਕਰ ਹੈ, ਉਹ ਸੇਵਾ ਸਮਝੌਤੇ ਸਨ ਜਿਨ੍ਹਾਂ 'ਤੇ ਸਰਕਾਰ ਨੂੰ ਬਕਾਇਆ ਟੈਕਸ ਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਭਾਰਤ ਵੱਲੋਂ ਸੰਯੁਕਤ ਰਾਸ਼ਟਰ, ਸਵਿਸ ਯੂਨੀਵਰਸਿਟੀ ਅਤੇ ਇੱਕ ਇਤਾਲਵੀ ਸੰਸਥਾ ਨੂੰ ਗਿਆਨ ਨਿਰਯਾਤ ਕਰਨ ਨਾਲ ਸਬੰਧਤ ਸਨ।
ਵਾਂਗਚੁੱਕ ਨੇ ਕਿਹਾ, "ਸੀ.ਬੀ.ਆਈ. ਅਧਿਕਾਰੀ ਅਜੇ ਵੀ ਲੱਦਾਖ ਵਿੱਚ ਡੇਰਾ ਲਾਈ ਬੈਠੇ ਹਨ ਅਤੇ ਰਿਕਾਰਡਾਂ ਦੀ ਸਖਤੀ ਨਾਲ ਜਾਂਚ ਕਰ ਰਹੇ ਹਨ," ਪਰ ਨਾਲ ਹੀ ਕਿਹਾ ਕਿ ਉਨ੍ਹਾਂ ਨੇ ਉਸ ਤੋਂ ਕੋਈ ਸਵਾਲ ਨਹੀਂ ਪੁੱਛਿਆ।
ਐਕਟਿਵਿਸਟ ਨੇ ਕਿਹਾ ਕਿ ਪਹਿਲਾਂ ਸਥਾਨਕ ਪੁਲੀਸ ਨੇ ਉਨ੍ਹਾਂ ਦੇ ਖ਼ਿਲਾਫ਼ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ HIAL ਲਈ ਦਿੱਤੀ ਗਈ ਜ਼ਮੀਨ ਨੂੰ ਵਾਪਸ ਲੈਣ ਦਾ ਆਦੇਸ਼ ਦਿੱਤਾ ਗਿਆ, ਇਹ ਕਹਿੰਦੇ ਹੋਏ ਕਿ ਪੱਟੇ ਦੀ ਰਕਮ ਅਦਾ ਨਹੀਂ ਕੀਤੀ ਗਈ ਸੀ।
ਉਨ੍ਹਾਂ ਦਾਅਵਾ ਕੀਤਾ, ‘‘ਹਰ ਕੋਈ ਜਾਣਦਾ ਹੈ, ਸਾਡੇ ਕੋਲ ਦਿਖਾਉਣ ਲਈ ਦਸਤਾਵੇਜ਼ ਹਨ। ਸਰਕਾਰ ਨੇ ਲਗਪਗ ਮਾਫ਼ੀ ਮੰਗਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਪੱਟਾ ਨੀਤੀ ਨਹੀਂ ਬਣੀ ਹੈ ਅਤੇ ਇਸ ਲਈ ਉਹ ਫੀਸ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਸੀ 'ਕਿਰਪਾ ਕਰਕੇ ਸਾਡਾ ਸਾਥ ਦਿਓ ਅਤੇ ਨਿਰਮਾਣ ਜਾਰੀ ਰੱਖੋ'।’’
ਵਾਂਗਚੁੱਕ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਸੀ.ਬੀ.ਆਈ. ਦੀ ਕਾਰਵਾਈ ਅਤੇ ਆਮਦਨ ਕਰ (Income Tax) ਦੇ ਸੰਮਨ ਆਏ।
ਉਨ੍ਹਾਂ ਦੋਸ਼ ਲਾਇਆ, ‘‘ਮਜ਼ੇਦਾਰ ਗੱਲ ਇਹ ਹੈ ਕਿ ਲੱਦਾਖ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਕੋਈ ਟੈਕਸ ਨਹੀਂ ਹੈ। ਫਿਰ ਵੀ ਮੈਂ ਸਵੈ-ਇੱਛਾ ਨਾਲ ਟੈਕਸ ਅਦਾ ਕਰਦਾ ਹਾਂ ਅਤੇ ਮੈਨੂੰ ਸੰਮਨ ਮਿਲਦੇ ਹਨ। ਫਿਰ ਉਨ੍ਹਾਂ ਨੇ ਚਾਰ ਸਾਲ ਪੁਰਾਣੀ ਇੱਕ ਸ਼ਿਕਾਇਤ ਨੂੰ ਮੁੜ ਚੁੱਕਿਆ ਕਿ ਮਜ਼ਦੂਰਾਂ ਨੂੰ ਸਹੀ ਢੰਗ ਨਾਲ ਭੁਗਤਾਨ ਨਹੀਂ ਕੀਤਾ ਗਿਆ ਸੀ। ਸਾਡੇ 'ਤੇ ਸਾਰੇ ਪਾਸਿਆਂ ਤੋਂ ਹਮਲਾ ਹੋ ਰਿਹਾ ਹੈ।’’
ਵਾਂਗਚੁੱਕ ਨੇ 10 ਸਤੰਬਰ ਨੂੰ ਲੱਦਾਖ ਨੂੰ ਛੇਵੇਂ ਅਨੁਸੂਚੀ ਵਿੱਚ ਸ਼ਾਮਲ ਕਰਨ ਅਤੇ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਖੇਤਰ ਵਿੱਚ 1989 ਤੋਂ ਬਾਅਦ ਸਭ ਤੋਂ ਭੈੜੀ ਹਿੰਸਾ ਦੇਖੀ ਗਈ, ਜਦੋਂ ਨੌਜਵਾਨਾਂ ਦੇ ਸਮੂਹਾਂ ਨੇ ਭਾਜਪਾ ਦੇ ਮੁੱਖ ਦਫ਼ਤਰ ਅਤੇ ਹਿੱਲ ਕੌਂਸਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਗਜ਼ਨੀ ਅਤੇ ਭੰਨਤੋੜ ਕੀਤੀ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਪੁਲੀਸ ਅਤੇ ਅਰਧ ਸੈਨਿਕ ਬਲਾਂ ਨੂੰ ਹੰਝੂ ਗੈਸ ਦੇ ਗੋਲੇ ਦਾਗਣੇ ਪਏ।