ਤੇਜਸਵੀ ਯਾਦਵ ਖ਼ਿਲਾਫ਼ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਕੇਸ ਦਰਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਤਰਾਜ਼ਯੋਗ ਪੋਸਟ ਕਰਨ ਦੇ ਦੋਸ਼ ਹੇਠ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਰਜੇਡੀ ਆਗੂ ਤੇਜਸਵੀ ਯਾਦਵ ਖ਼ਿਲਾਫ਼ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਕੇਸ ਦਰਜ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹਾ ਪੁਲੀਸ ਦੇ ਐੱਸਪੀ ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਇਹ ਕੇਸ ਭਾਜਪਾ ਦੀ ਸ਼ਹਿਰੀ ਪ੍ਰਧਾਨ ਸ਼ਿਲਪੀ ਗੁਪਤਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੇਸ ਇੱਥੋਂ ਦੇ ਸਦਰ ਬਾਜ਼ਾਰ ਥਾਣੇ ’ਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ, ‘ਸ਼ਿਕਾਇਤ ਵਿੱਚ ਸ਼ਿਲਪੀ ਗੁਪਤਾ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਖ਼ਿਲਾਫ਼ ਤੇਜਸਵੀ ਯਾਦਵ ਦੀ ਇਤਰਾਜ਼ਯੋਗ ਟਿੱਪਣੀ ਕਾਰਨ ਜਨਤਾ ’ਚ ਭਾਰੀ ਰੋਸ ਹੈ।’ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੜ੍ਹਚਿਰੌਲੀ ਤੋਂ ਭਾਜਪਾ ਵਿਧਾਇਕ ਮਿਲਿੰਦ ਨਰੋਟੇ ਨੇ ਤੇਜਸਵੀ ਯਾਦਵ ਖ਼ਿਲਾਫ਼ ਸ਼ਿਕਾਇਤ ਕੀਤੀ ਸੀ।
ਡਰਦਾ ਨਹੀਂ, ਸੱਚ ਬੋਲਦਾ ਰਹਾਂਗਾ: ਤੇਜਸਵੀ
ਕਟੀਹਾਰ: ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਵਸੀ ਯਾਦਵ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਸੋਸ਼ਲ ਮੀਡੀਆ ’ਤੇ ਕੀਤੀ ਪੋਸਟ ਨੂੰ ਲੈ ਕੇ ਦਰਜ ਕੀਤੇ ਗਏ ਕੇਸ ਤੋਂ ਨਹੀਂ ਡਰਦੇ ਤੇ ਸੱਚ ਬੋਲਣਾ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਆਪਣੀ ਪੋਸਟ ’ਚ ਉਨ੍ਹਾਂ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ‘ਜੁਮਲਾ’ ਸਨ। ਟਿੱਪਣੀ ਬਾਰੇ ਉਨ੍ਹਾਂ ਕਿਹਾ, ‘ਐੱਫਆਈਆਰ ਤੋਂ ਕੌਣ ਡਰਦਾ ਹੈ? ਕੀ ‘ਜੁਮਲਾ’ ਕੋਈ ਇਤਰਾਜ਼ਯੋਗ ਸ਼ਬਦ ਹੈ? ਮੈਂ ਤਾਂ ਬੱਸ ਸੱਚ ਕਹਿ ਰਿਹਾ ਸੀ ਅਤੇ ਮੈਂ ਅਜਿਹਾ ਕਰਨਾ ਜਾਰੀ ਰੱਖਾਂਗਾ। ਮੇਰੇ ਖ਼ਿਲਾਫ਼ ਜਿੰਨੇ ਚਾਹੁਣ, ਓਨੇ ਕੇਸ ਦਰਜ ਕਰਵਾ ਸਕਦੇ ਹਨ।’ -ਪੀਟੀਆਈ