ਫਿਲਮਸਾਜ਼ ਭੰਸਾਲੀ ਖ਼ਿਲਾਫ਼ ਬੀਕਾਨੇਰ ’ਚ ਕੇਸ ਦਰਜ
ਰਾਜਸਥਾਨ ਦੇ ਬੀਕਾਨੇਰ ’ਚ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਤੇ ਦੋ ਹੋਰ ਖ਼ਿਲਾਫ਼ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਫਿਲਮ ‘ਲਵ ਐਂਡ ਵਾਰ’ ਦੀ ਸ਼ੂਟਿੰਗ ਦੌਰਾਨ ਫਿਲਮਸਾਜ਼ ਵੱਲੋਂ ਕਥਿਤ ਤੌਰ ’ਤੇ ਸ਼ਿਕਾਇਤਕਰਤਾ ਨਾਲ ਕੀਤੀ ਗਈ ਧੋਖਾਧੜੀ, ਮਾੜੇ ਵਰਤਾਓ ਤੇ ਭਰੋਸਾ ਤੋੜਨ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ। ਸਰਕਲ ਅਫ਼ਸਰ (ਬੀਕਾਨੇਰ ਸਦਰ) ਵਿਸ਼ਾਲ ਜਾਂਗੀੜ ਨੇ ਦੱਸਿਆ ਕਿ ਇਹ ਸ਼ਿਕਾਇਤ ਪ੍ਰਤੀਕ ਰਾਜ ਮਾਥੁਰ ਵੱਲੋਂ ਦਰਜ ਕਰਵਾਈ ਗਈ ਸੀ, ਜਿਸ ਦਾ ਦਾਅਵਾ ਹੈ ਕਿ ਉਸ ਨੂੰ ਭੰਸਾਲੀ ਵੱਲੋਂ ਲਾਈਨ ਪ੍ਰੋਡਿਊਸਰ ਵਜੋਂ ਕੰਮ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ’ਚ ਰੱਦ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਭੰਸਾਲੀ ਤੇ ਦੋ ਹੋਰ ਟੀਮ ਮੈਂਬਰਾਂ ’ਤੇ ਉਸਨੂੰ ਲਾਈਨ ਪ੍ਰੋਡਿਊਸਰ ਵਜੋਂ ਕੰਮ ਦੇਣ ਮਗਰੋਂ ਬਿਨਾਂ ਭੁਗਤਾਨ ਕੀਤਿਆਂ ਪ੍ਰਾਜੈਕਟ ਤੋਂ ਹਟਾਉਣ ਦਾ ਦੋਸ਼ ਲਾਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ’ਚ ਅਦਾਲਤੀ ਹੁਕਮਾਂ ਮਗਰੋਂ ਸੰਜੈ ਲੀਲਾ ਭੰਸਾਲੀ, ਅਰਵਿੰਦ ਗਿੱਲ ਤੇ ਉਤਕਰਸ਼ ਬਾਲੀ ਖਿਲਾਫ਼ ਬਿਛਵਾਲ ਪੁਲੀਸ ਸਟੇਸ਼ਨ ’ਚ ਕੇਸ ਦਰਜ ਕੀਤਾ ਗਿਆ ਹੈ।