ਭਾਜਪਾ ਵਿਧਾਇਕ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਤੋਂ ਭਾਜਪਾ ਵਿਧਾਇਕ ਹੰਸ ਰਾਜ ਖ਼ਿਲਾਫ਼ ਇੱਕ ਔਰਤ ਦੀ ਸ਼ਿਕਾਇਤ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਤਹਿਤ ਪੋਕਸੋ (POCSO) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹੰਸ ਰਾਜ ਚੂਰਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਔਰਤ ਨੇ ਉਨ੍ਹਾਂ 'ਤੇ ਲੰਬੇ ਸਮੇਂ ਤੋਂ ਜਿਨਸੀ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਹਨ।
ਇਹ ਕਾਰਵਾਈ ਚੰਬਾ ਦੇ ਮਹਿਲਾ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੀਤੀ ਗਈ ਹੈ,
ਪੁਲੀਸ ਸੂਤਰਾਂ ਅਨੁਸਾਰ ਪੀੜਤਾ ਨੇ ਆਪਣੇ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਵਿਧਾਇਕ ਹੰਸ ਰਾਜ ਉਸ ਦਾ ਜਿਨਸੀ ਸ਼ੋਸ਼ਣ ਉਦੋਂ ਤੋਂ ਕਰ ਰਹੇ ਸਨ ਜਦੋਂ ਉਹ ਸਿਰਫ਼ 16 ਸਾਲ ਦੀ ਸੀ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਔਰਤ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਵੀ ਵਿਧਾਇਕ ਅਤੇ ਉਸ ਦੇ ਸਹਿਯੋਗੀਆਂ 'ਤੇ ਗੰਭੀਰ ਦੋਸ਼ ਲਾਏ ਸਨ ਅਤੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਸਬੂਤ ਹੋਣ ਦੀ ਗੱਲ ਆਖੀ ਸੀ।
ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲੀਸ ਨੇ ਪੀੜਤਾ ਦਾ ਬਿਆਨ ਮੈਜਿਸਟਰੇਟ ਸਾਹਮਣੇ ਦਰਜ ਕਰਵਾਇਆ ਹੈ ਅਤੇ ਉਸ ਦਾ ਡਾਕਟਰੀ ਮੁਆਇਨਾ ਵੀ ਕਰਵਾਇਆ ਗਿਆ ਹੈ। ਚੰਬਾ ਦੇ ਵਧੀਕ ਪੁਲੀਸ ਸੁਪਰਡੈਂਟ ਹਿਤੇਸ਼ ਲਖਨਪਾਲ ਨੇ ਦੱਸਿਆ ਕਿ ਪੀੜਤਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ, ਕਿਉਂਕਿ ਉਸ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੇ ਖ਼ਤਰੇ ਵਿੱਚ ਹੋਣ ਬਾਰੇ ਕਿਹਾ ਸੀ।
ਇਸੇ ਦੌਰਾਨ ਤਿੱਸਾ ਪੁਲਿਸ ਥਾਣੇ ਵਿੱਚ ਇੱਕ ਹੋਰ ਐੱਫਆਈਆਰ ਵੀ ਦਰਜ ਕੀਤੀ ਗਈ ਹੈ, ਜਿਸ ਵਿੱਚ ਪੀੜਤਾ ਦੇ ਪਿਤਾ ਨੇ ਵਿਧਾਇਕ ਦੇ ਕਰੀਬੀ ਸਹਿਯੋਗੀਆਂ ਲੇਖ ਰਾਜ ਅਤੇ ਮੁਨੀਅਨ ਖਾਨ 'ਤੇ ਅਗਵਾ ਕਰਨ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੇ ਸਾਲ 9 ਅਗਸਤ ਨੂੰ ਵੀ ਇਸੇ ਔਰਤ ਨੇ ਹੰਸ ਰਾਜ ਖ਼ਿਲਾਫ਼ ਅਸ਼ਲੀਲ ਸੰਦੇਸ਼ ਭੇਜਣ ਅਤੇ ਧਮਕੀਆਂ ਦੇਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਬਾਅਦ ਵਿੱਚ ਉਸ ਨੇ ਇਹ ਕਹਿੰਦਿਆਂ ਦੋਸ਼ ਵਾਪਸ ਲੈ ਲਏ ਸਨ ਕਿ ਉਸ ਨੇ ਮਾਨਸਿਕ ਤਣਾਅ ਅਤੇ ਬਾਹਰੀ ਪ੍ਰਭਾਵ ਹੇਠ ਅਜਿਹਾ ਕੀਤਾ ਸੀ।
ਹਾਲਾਂਕਿ, ਹਾਲ ਹੀ ਦੇ ਲਾਈਵ ਸੈਸ਼ਨ ਵਿੱਚ ਔਰਤ ਨੇ ਦੱਸਿਆ ਕਿ ਵਿਧਾਇਕ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਡਰਾਉਣ-ਧਮਕਾਉਣ ਕਾਰਨ ਉਸ ਨੂੰ ਪਹਿਲੀ ਸ਼ਿਕਾਇਤ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਇਨ੍ਹਾਂ ਸਾਰੇ ਦੋਸ਼ਾਂ ਦੇ ਜਵਾਬ ਵਿੱਚ ਵਿਧਾਇਕ ਹੰਸ ਰਾਜ ਨੇ ਇਨ੍ਹਾਂ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਦਾ ਮਕਸਦ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨਾ ਅਤੇ ਚੂਰਾ ਵਿਧਾਨ ਸਭਾ ਹਲਕੇ ਵਿੱਚ ਫਿਰਕੂ ਸਦਭਾਵਨਾ ਨੂੰ ਭੰਗ ਕਰਨਾ ਹੈ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
