ਨੌਜਵਾਨ ਵੱਲੋਂ ਖ਼ੁਦਕੁਸ਼ੀ ਮਾਮਲੇ ’ਚ ਏ ਆਈ ਜੀ ਸਣੇ ਪੰਜ ਖ਼ਿਲਾਫ਼ ਕੇਸ
ਇਮੀਗ੍ਰੇਸ਼ਨ ਦਾ ਕੰਮ ਕਰਦੇ ਰਾਜਦੀਪ ਸਿੰਘ ਵੱਲੋਂ ਇੱਥੋਂ ਦੇ ਫੇਜ਼-68 ਦੇ ਐੱਚ ਡੀ ਐੱਫ਼ ਸੀ ਬੈਂਕ ਦੀ ਦੂਜੀ ਮੰਜ਼ਿਲ ’ਤੇ ਬਾਥਰੂਮ ਵਿਚ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਪੰਜਾਬ ਪੁਲੀਸ ਦੇ ਏ ਆਈ ਜੀ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮੁਹਾਲੀ ਦੇ ਫੇਜ਼-8 ਦੇ ਥਾਣੇ ਵਿੱਚ ਇਹ ਕੇਸ ਰਾਜਦੀਪ ਦੇ ਪਿਤਾ ਦੇ ਬਿਆਨਾਂ, ਸੁਸਾਈਡ ਨੋਟ ਅਤੇ ਰਾਜਦੀਪ ਵੱਲੋਂ ਖੁਦਕਸ਼ੀ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿੱਚ ਦੱਸੇ ਗਏ ਨਾਵਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਪੰਜਾਬ ਪੁਲੀਸ ਦਾ ਏ ਆਈ ਜੀ ਗੁਰਜੋਤ ਸਿੰਘ ਕਲੇਰ, ਸੀ ਏ ਸ਼ਮੀਰ ਅਗਰਵਾਲ, ਰਿੰਕੂ ਕ੍ਰਿਸ਼ਨਾ, ਸ਼ਾਇਨਾ ਅਰੋੜਾ, ਰਿਸ਼ੀ ਰਾਣਾ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਰਾਜਦੀਪ ਦੇ ਪਿਤਾ ਪਰਮਜੀਤ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਰਾਜਦੀਪ ਸੈਕਟਰ-82 ਵਿੱਚ ਇੱਕ ਹੋਰ ਹਿੱਸੇਦਾਰ ਧਰਮਿੰਦਰ ਸਿੰਘ ਥਿੰਦ ਨਾਲ ਇਮੀਗ੍ਰੇਸ਼ਨ ਅਤੇ ਪ੍ਰਾਪਰਟੀ ਦਾ ਕੰਮ ਕਰਦਾ ਸੀ। ਬਿਆਨ ਮੁਤਾਬਕ ਏ ਆਈ ਜੀ ਗੁਰਜੋਤ ਸਿੰਘ ਕਲੇਰ ਦੀ ਵੀ ਇਮੀਗ੍ਰੇਸ਼ਨ ਦੇ ਕੰਮ ਵਿੱਚ ਹਿੱਸੇਦਾਰੀ ਸੀ। ਉਸ ਨੇ ਰਾਜਦੀਪ ਕੋਲੋਂ ਖਾਲੀ ਕਾਗਜ਼ਾਂ ਅਤੇ ਚੈੱਕਾਂ ’ਤੇ ਦਸਤਖਤ ਕਰਵਾਏ ਹੋਏ ਸਨ। ਫਰਵਰੀ 2025 ਵਿੱਚ ਏ ਆਈ ਜੀ ਨੇ ਆਪਣਾ ਹਿੱਸਾ ਤਾਂ ਵਸੂਲ ਲਿਆ ਸੀ, ਪਰ ਖਾਲੀ ਚੈੱਕ ਅਤੇ ਕਾਗਜ਼ ਵਾਪਸ ਨਹੀਂ ਕੀਤੇ ਅਤੇ ਇਨ੍ਹਾਂ ਦੀ ਵਰਤੋਂ ਕਰਕੇ ਹੋਰ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦਿੰਦਾ ਸੀ। ਇਸੇ ਤਰ੍ਹਾਂ ਸੀ ਏ ਸ਼ਮੀਰ ਅਗਰਵਾਲ ਨੇ ਵੀ ਨਾ ਤਾਂ ਪੈਸੇ ਵਾਪਸ ਕੀਤੇ ਤੇ ਨਾ ਪ੍ਰਾਪਰਟੀ ਉਸ ਦੇ ਨਾਮ ਕਰਵਾਈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਰਿੰਕੂ ਕ੍ਰਿਸ਼ਨਾ ਅਤੇ ਸ਼ਾਇਨਾ ਅਰੋੜਾ ਨੇ ਵੀ ਲੱਖਾਂ ਰੁਪਏ ਵਾਪਸ ਨਹੀਂ ਕੀਤੇ ਸਨ। ਬਿਆਨ ਅਨੁਸਾਰ ਘਟਨਾ ਵਾਲੇ ਦਿਨ ਏ ਆਈ ਜੀ ਕਲੇਰ ਨੇ ਰਿਸ਼ੀ ਰਾਣਾ ਨੂੰ ਗੱਡੀ ’ਤੇ ਰਾਜਦੀਪ ਨੂੰ ਆਪਣੇ ਘਰ ਲਿਆਉਣ ਲਈ ਭੇਜਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਬੈਂਕ ਬ੍ਰਾਂਚ ਵਿੱਚ ਭੇਜ ਕੇ ਲੋਨ ਲੈ ਕੇ ਪੈਸੇ ਦੇਣ ਲਈ ਧਮਕਾਇਆ ਗਿਆ। ਖੁਦਕੁਸ਼ੀ ਤੋਂ ਪਹਿਲਾਂ ਰਾਜਦੀਪ ਨੇ ਆਪਣੀ ਪਤਨੀ ਨੂੰ ਵਟਸਐਪ ’ਤੇ ਸੁਨੇਹਾ ਭੇਜਿਆ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ, ‘ਮਿਲਕ ਵਾਲੀ ਡਾਇਰੀ ਵਿੱਚ ਇੱਕ ਚੀਜ਼ ਰੱਖੀ ਹੈ ਤੇਰੇ ਲਈ, ਆ ਕੇ ਵੇਖੀਂ।’ ਬਾਅਦ ਵਿੱਚ ਉਸ ਦੀ ਪਤਨੀ ਨੇ ਦੇਖਿਆ ਕਿ ਉਸ ਵਿੱਚ ਸੁਸਾਈਡ ਨੋਟ ਰੱਖਿਆ ਸੀ। ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ਵੀ ਬਣਾਈ, ਜੋ ਉਸ ਨੇ ਆਪਣੇ ਦੋਸਤ ਅਤੇ ਅਕਾਊਂਟੈਂਟ ਨੂੰ ਭੇਜੀ ਸੀ। ਇਸ ਵੀਡੀਓ ਵਿੱਚ ਵੀ ਉਸ ਨੇ ਮੁਲਜ਼ਮਾਂ ਦਾ ਨਾਂ ਲਿਆ ਸੀ।
ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ: ਡੀ ਐੱਸ ਪੀ
ਮੁਹਾਲੀ ਸਿਟੀ-2 ਦੇ ਡੀ ਐੱਸ ਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਕੇਸ ਵਿੱਚ ਏ ਆਈ ਜੀ ਗੁਰਜੋਤ ਸਿੰਘ ਕਲੇਰ ਸਮੇਤ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸੀ ਸੀ ਟੀ ਵੀ ਤੇ ਹੋਰ ਰਿਕਾਰਡ ਕਬਜ਼ੇ ’ਚ ਲਏ ਜਾ ਰਹੇ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।