ਕੈਪਟਨ ਨੇ ਕੀਤੀ ਸੀ ਰਾਜੀਵ ਗਾਂਧੀ-ਭਿੰਡਰਾਂਵਾਲਾ ਮੀਟਿੰਗ ਦੀ ਕੋਸ਼ਿਸ਼
1980ਵਿਆਂ ਦੇ ਸ਼ੁਰੂ ਵਿੱਚ ਕਾਂਗਰਸ ਦੇ ਤਤਕਾਲੀ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੂੰ ਰਾਜੀਵ ਗਾਂਧੀ ਨੇ ਜਰਨੈਲ ਸਿੰਘ ਭਿੰਡਰਾਂਵਾਲਾ ਨਾਲ ਮੁਲਾਕਾਤ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਇਹ ਮੁਲਾਕਾਤ ਕਥਿਤ ਤੌਰ ’ਤੇ ਗਾਂਧੀ ’ਤੇ ਸੰਭਾਵੀ ‘ਹਮਲੇ’ ਦੇ ਡਰੋਂ ਆਖਰੀ ਪਲ ’ਤੇ ਰੱਦ ਕਰ ਦਿੱਤੀ ਗਈ ਸੀ।
ਇਹ ਦਿਲਚਸਪ ਖ਼ੁਲਾਸਾ ਸੀਨੀਅਰ ਪੱਤਰਕਾਰ ਅਤੇ ਲੇਖਿਕਾ ਹਰਿੰਦਰ ਬਵੇਜਾ ਦੀ ਨਵੀਂ ਕਿਤਾਬ, ‘ਦੇਅ ਵਿੱਲ ਸ਼ੂਟ ਯੂ, ਮੈਡਮ: ਮਾਈ ਲਾਈਫ ਥਰੂ ਕਨਫਲਿਕਟ’ ਵਿੱਚ ਵਿਸਥਾਰ ਨਾਲ ਕੀਤਾ ਗਿਆ ਹੈ। ਇਹ ਕਿੱਸਾ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ ਸੀ ਸੀ) ’ਚ ਹੋਏ ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਸੁਣਾਇਆ। ਉਨ੍ਹਾਂ ਮਜ਼ਾਕੀਆ ਕਿੱਸਾ ਵੀ ਸਾਂਝਾ ਕੀਤਾ ਕਿ ਕਿਵੇਂ ਉਹ ਇੱਕ ਵਾਰ ਭਿੰਡਰਾਂਵਾਲੇ ਦੇ ਬਿਸਤਰੇ ’ਤੇ ਸੌਂ ਗਏ ਸਨ, ਜਿਸ ਨੂੰ ਉਨ੍ਹਾਂ ਮਜ਼ਾਕ ਵਿੱਚ ਕਿਹਾ ਕਿ ਇਹ ਕਾਰਨਾਮਾ ਸਿਰਫ਼ ਉਹੀ ਕਰ ਸਕੇ ਸਨ।
ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਪੁੱਛਿਆ, ‘ਕੀ ਤੁਸੀਂ ਭਿੰਡਰਾਂਵਾਲੇ ਨਾਲ ਮੁਲਾਕਾਤ ਕਰਵਾ ਸਕਦੇ ਹੋ?’ ਮੈਂ ਕਿਹਾ, ‘ਮੈਂ ਕੋਸ਼ਿਸ਼ ਕਰਾਂਗਾ।’ ਉਨ੍ਹਾਂ ਕਿਹਾ, ‘ਇਸ ਲਈ ਮੈਂ ਪੰਜਾਬ ਪੁਲੀਸ ਦੇ ਤਤਕਾਲੀ ਐੱਸ ਐੱਸ ਪੀ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ, ਜੋ ਉਸ ਦੇ ਬਹੁਤ ਕਰੀਬ ਸਨ। ਅਸੀਂ ਮਿਲਣ ਲਈ ਸਹਿਮਤ ਹੋ ਗਏ ਅਤੇ ਭਿੰਡਰਾਂਵਾਲੇ ਅੰਬਾਲਾ ਏਅਰਪੋਰਟ ਸਟੇਸ਼ਨ ’ਤੇ ਆਉਣ ਲਈ ਰਾਜ਼ੀ ਹੋ ਗਏ।’
ਉਨ੍ਹਾਂ ਕਿਹਾ, ‘ਅਸੀਂ ਦਿੱਲੀ ਤੋਂ ਉਡਾਣ ਭਰਨੀ ਸੀ ਕਿ ਇਸੇ ਦੌਰਾਨ ਸਾਨੂੰ ਸੁਨੇਹਾ ਮਿਲਿਆ ਕਿ ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਚਾਹੁੰਦੇ ਹਨ ਕਿ ਉਹ ਮੀਟਿੰਗ ਰੱਦ ਕਰਕੇ ਵਾਪਸ ਆ ਜਾਣ।’ ਉਨ੍ਹਾਂ ਦੱਸਿਆ ਕਿ ਇਸ ਨਾਲ ਭਿੰਡਰਾਂਵਾਲੇ ਨਾਰਾਜ਼ ਹੋ ਗਏ ਸਨ ਪਰ ਉਨ੍ਹਾਂ ਭਿੰਡਰਾਂਵਾਲਾ ਨੂੰ ਇਹ ਕਹਿ ਕੇ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲ ਲਿਆ ਕਿ ਜਹਾਜ਼ ਵਿੱਚ ਕੋਈ ‘ਤਕਨੀਕੀ ਖਰਾਬੀ’ ਆ ਗਈ ਹੈ।
ਉਨ੍ਹਾਂ ਦੱਸਿਆ ਕਿ ਤਿੰਨ ਹਫ਼ਤਿਆਂ ਬਾਅਦ ਗਾਂਧੀ ਨੇ ਫਿਰ ਉਨ੍ਹਾਂ ਨੂੰ ਮੁਲਾਕਾਤ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਅੱਗੇ ਕਿਹਾ, ‘ਅਸੀਂ ਜਹਾਜ਼ ਵਿੱਚ ਉਡਾਣ ਭਰੀ ਅਤੇ ਅਸੀਂ ਅੰਬਾਲਾ ਨੇੜੇ ਹੀ ਸੀ ਜਦੋਂ ਸਾਨੂੰ ਕੰਟਰੋਲ ਟਾਵਰ ਵੱਲੋਂ ਵਾਪਸ ਆਉਣ ਦਾ ਹੁਕਮ ਦਿੱਤਾ ਗਿਆ। ਇਸ ਲਈ ਅਸੀਂ ਵਾਪਸ ਆ ਗਏ।’ ਉਨ੍ਹਾਂ ਖੁਲਾਸਾ ਕੀਤਾ ਕਿ ਦੂਜੀ ਵਾਰ ਮੀਟਿੰਗ ਰੱਦ ਹੋਣ ਦਾ ਕਾਰਨ ਗੰਭੀਰ ਸੁਰੱਖਿਆ ਚਿੰਤਾਵਾਂ ਵਿੱਚ ਜੁੜਿਆ ਹੋਇਆ ਸੀ। ਬਵੇਜਾ ਦੀ ਕਿਤਾਬ ਅਨੁਸਾਰ ਕੈਪਟਨ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਸੰਭਾਵੀ ਹਮਲੇ ਦੀ ਯੋਜਨਾ ਬਾਰੇ ਚਿਤਾਵਨੀ ਦਿੱਤੀ ਸੀ ਜਿਸ ’ਚ ਰਾਜੀਵ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਗੱਲਬਾਤ ‘ਸਾਬੋਤਾਜ’ ਨਾ ਕੀਤੀ ਗਈ ਹੁੰਦੀ ਤਾਂ ਕੁਝ ਸਾਰਥਕ ਪ੍ਰਗਤੀ ਹੋ ਸਕਦੀ ਸੀ।