ਕੈਨੇਡਾ ਸਰਕਾਰ ਵੱਲੋਂ ਸੁਰੱਖਿਆ ਬਲਾਂ ’ਚ ਵਿਦੇਸ਼ੀਆਂ ਦੀ ਭਰਤੀ ਸ਼ੁਰੂ
ਕੈਨੇਡਾ ਸਰਕਾਰ ਵੱਲੋਂ ਇੱਥੋਂ ਦੇ ਪੱਕੇ ਰਿਹਾਇਸ਼ੀ (ਪੀਆਰ) ਵਿਦੇਸ਼ੀ ਨਾਗਰਿਕ ਮਰਦ ਅਤੇ ਔਰਤਾਂ ਨੂੰ ਸੁਰੱਖਿਆ ਬਲਾਂ ਵਿੱਚ ਭਰਤੀ ਕੀਤਾ ਜਾਣ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਭਰ ’ਚ ਪਿਛਲੇ ਮਹੀਨਿਆਂ ਦੌਰਾਨ ਜਲ, ਥਲ ਅਤੇ ਹਵਾਈ ਸੈਨਾ ਵਿੱਚ ਕੀਤੀ ਭਰਤੀ ਵਿੱਚ ਅਜਿਹੇ ਲੋਕਾਂ ਨੂੰ ਵੀ ਭਰਤੀ ਕੀਤਾ ਗਿਆ ਹੈ, ਜੋ ਕੈਨੇਡਾ ਦੇ ਪੀਆਰ ਤਾਂ ਹੋ ਗਏ, ਪਰ ਨਾਗਰਿਕਤਾ ਪੱਖੋਂ ਵਿਦੇਸ਼ੀ ਹਨ।
ਇਸ ਤੋਂ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠਣ ਲੱਗੇ ਹਨ ਕਿ ਕਈ ਦੇਸ਼ਾਂ ਦੇ ਅਵਾਸ ਵਿਭਾਗਾਂ, ਜਿਨ੍ਹਾਂ ’ਚ ਕੈਨੇਡਾ ਵੀ ਸ਼ਾਮਲ ਹੈ, ਵਲੋਂ ਹੋਰ ਦੇਸ਼ਾਂ ਦੇ ਸੁਰੱਖਿਆ ਬਲਾਂ ਵਿੱਚ ਕੰਮ ਕਰਦੇ ਲੋਕਾਂ ਨੂੰ ਵੀਜਾ ਦੇਣ ਮੌਕੇ ਕਈ ਵਾਰ ਇਸ ਕਰਕੇ ਨਾਂਹ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਕੈਨੇਡਾ ਦੀ ਜਸੂਸੀ ਨਾ ਕਰ ਸਕਣ। ਪਰ ਵਿਦੇਸ਼ੀਆਂ ਨੂੰ ਆਪਣੇ ਸੁਰੱਖਿਆ ਬਲਾਂ ਵਿੱਚ ਭਰਤੀ ਕਰਕੇ ਉਹ ਕੀ ਸੰਦੇਸ਼ ਦੇਣਾ ਚਾਹੁੰਦੇ ਹਨ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਕਈ ਪੁਸ਼ਤਾਂ ਤੋਂ ਕੈਨੇਡਾ ਰਹਿੰਦੇ ਲੋਕ ਵੱਲੋਂ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਤੋਂ ਪਾਸਾ ਵੱਟਣ ਕਾਰਨ ਸਰਕਾਰ ਨੂੰ ਸੁਰੱਖਿਆ ਬਲਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਇੰਝ ਕਰਨਾ ਪੈ ਰਿਹਾ ਹੈ। ਇਸ ਬਾਰੇ ਸਰਕਾਰ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੱਲ ਇੱਕ ਸਬੰਧਤ ਨੇ ਇਹ ਕਹਿੰਦਿਆਂ ਸਵਾਲ ਦਾ ਜਵਾਬ ਦੇਣ ਤੋਂ ਨਾਂਹ ਕੀਤੀ ਕਿ ਉਹ ਇਸ ਲਈ ਅਧਿਕਾਰਤ ਨਹੀਂ ਹੈ। ਰੱਖਿਆ ਮੰਤਰਾਲੇ ਨੂੰ ਭੇਜੀ ਗਈ ਈ ਮੇਲ ਦਾ ਉੱਤਰ ਨਹੀਂ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਬਹੁਤ ਘੱਟ ਭਰਤੀ ਕੀਤੀ ਗਈ ਹੈ, ਪਰ ਮਾਰਕ ਕਾਰਨੀ ਸਰਕਾਰ ਨੇ ਇਸ ਵਿੱਚ ਤੇਜ਼ੀ ਲਿਆਂਦੀ ਹੈ। ਭਰਤੀ ਕੇਂਦਰ ਦੇ ਇੱਕ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜਿਨ੍ਹਾਂ ਪੀਆਰ ਵਿਅਕਤੀਆਂ ਨੂੰ ਭਰਤੀ ਕੀਤਾ ਜਾਂਦਾ ਹੈ, ਉਨ੍ਹਾਂ ਵੱਲੋਂ ਭਰਤੀ ਦੀ ਅਰਜੀ ਦਾਖਲ ਕੀਤੇ ਜਾਣ ਤੋਂ ਬਾਅਦ ਪ੍ਰਾਰਥੀ ਦੀ ਗੁਪਤ ਜਾਂਚ ਕੀਤੀ ਜਾਂਦੀ ਹੈ ਤੇ ਮਿਆਰ ’ਤੇ ਖਰੇ ਉਤਰਨ ਵਾਲਿਆਂ ਦੀ ਅਰਜੀ ਹੀ ਮਨਜੂਰ ਕਰਕੇ ਉਸ ਨੂੰ ਭਰਤੀ ਦੀ ਅਗਲੀ ਕਾਰਵਾਈ ਲਈ ਸੱਦਾ ਭੇਜਿਆ ਜਾਂਦਾ ਹੈ।
ਉਨ੍ਹਾਂ ਮੰਨਿਆ ਕਿ ਮੁਢਲੇ ਪੱਧਰ (ਸਿਪਾਹੀ) ਤੋਂ ਕਮਿਸ਼ਨਡ ਅਫਸਰਾਂ ਤੱਕ ਦੀ ਭਰਤੀ ਦੇ ਕੇਂਦਰ ਸਾਂਝੇ ਹਨ, ਜਿੱਥੋਂ ਚੁਣੇ ਹੋਏ ਉਮੀਦਵਾਰਾਂ ਨੂੰ ਐਨਰੋਲ ਕਰਕੇ ਸਿਖਲਾਈ ਕੇਂਦਰਾਂ ਵਿੱਚ ਭੇਜਿਆ ਜਾਂਦਾ ਹੈ। ਕਰੀਬ ਤਿੰਨ ਮਹੀਨੇ ਦੀ ਮੁਢਲੀ ਸਿਖਲਾਈ ਤੋਂ ਬਾਅਦ ਸਕਿੱਲਡ ਕਰਕੇ ਡਿਊਟੀ ’ਤੇ ਭੇਜਿਆ ਜਾਂਦਾ ਹੈ।
