ਕੈਨੇਡਾ: ਹੁਣ ਓਂਟਾਰੀਓ ਵਿੱਚ ਟੂਰਿਸਟ ਵਿਜ਼ਾ ਧਾਰਕਾਂ ਨੂੰ ਨਹੀਂ ਮਿਲੇਗਾ ਡਰਾਇਵਿੰਗ ਲਾਇਸੈਂਸ
ਸੈਲਾਨੀ ਵੀਜ਼ਾ (ਟੂਰਿਸਟ ਵੀਜ਼ਾ) ਲੈ ਕੇ ਕੈਨੇਡਾ ਆਏ ਲੋਕ ਹੁਣ ਓਂਟਾਰੀਓ ਸੂਬੇ ਤੋਂ ਡਰਾਇਵਰ ਲਾਇਸੈਂਸ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਹੁਣ ਏ ਵਰਗ, ਭਾਵ ਟਰੱਕ ਬੱਸ ਆਦਿ ਚਲਾਉਣ ਦਾ ਲਾਇਸੈਂਸ ਹਾਸਲ ਕਰਨ ਲਈ ਪਹਿਲਾਂ ਜੀ ਭਾਵ ਕਾਰ ਲਾਇਸੰਸ ਲੈ ਕੇ ਕੁਝ ਸਾਲ ਦਾ ਕਲੀਨ ਰਿਕਾਰਡ ਬਣਾਉਣ ਦੀ ਸ਼ਰਤ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰਾਂਸਪੋਰਟ ਮੰਤਰੀ ਸ. ਪ੍ਰਭਮੀਤ ਸਿੰਘ ਸਰਕਾਰੀਆ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਲੋਕਾਂ ਵਲੋਂ ਕੀਤੀ ਜਾ ਰਹੀ ਮੰਗ ਤੇ ਵਿਚਾਰ ਕਰਕੇ ਇਸ ਬਾਰੇ ਬਿੱਲ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਦੇ ਪਾਸ ਹੋਣ ਤੇ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਏਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਿਰਫ ਕੈਨੇਡੀਅਨ ਨਾਗਰਿਕ, ਪੱਕੇ ਰਿਹਾਇਸ਼ੀ ਅਤੇ ਵਰਕ ਪਰਮਿੱਟ ਵਾਲੇ ਵਿਅਕਤੀ ਹੀ ਕਿਸੇ ਕਿਸਮ ਦਾ ਡਰਾਇਵਿੰਗ ਲਾਇਸੈਂਸ ਲੈਣ ਦੇ ਯੋਗ ਮੰਨੇ ਜਾਣਗੇ। ਦੱਸਣਾ ਬਣਦਾ ਹੈ ਕਿ ਓਂਟਾਰੀਓ ਦੀ ਸੱਤਾਧਾਰੀ ਪਾਰਟੀ ਕੋਲ ਵਿਧਾਨ ਸਭਾ ਵਿੱਚ ਵੱਡਾ ਬਹੁਮਤ ਹੋਣ ਕਾਰਣ ਬਿੱਲ ਦੇ ਪਾਸ ਹੋਣ ਦੀ ਆਸ ਹੈ। ਦੇਸ਼ ਦੇ ਹੋਰ ਸੂਬਿਆਂ ਵਿੱਚ ਇਹ ਨਿਯਮ ਬਹੁਤ ਸਾਲ ਪਹਿਲਾਂ ਤੋਂ ਲਾਗੂ ਹਨ।
ਇਹ ਬਿੱਲ ਟਰੱਕ ਕੰਪਨੀਆਂ ਲਈ ਵੱਡਾ ਝਟਕਾ ਸਾਬਤ ਹੋਵੇਗਾ, ਪਰ ਤਜਰਬੇ-ਕਾਰ ਟਰੱਕ ਡਰਾਇਵਰਾਂ ਦੇ ਸੜਕਾਂ ਤੇ ਆਉਣ ਕਾਰਨ ਹਾਦਸਿਆਂ ਵਿੱਚ ਕਮੀ ਅਤੇ ਕੰਪਨੀਆਂ ਵਲੋਂ ਨਵੇਂ ਡਰਾਇਵਰਾਂ ਦੇ ਸੋਸ਼ਣ ਤੋਂ ਬਚਣ ਦੀ ਉਮੀਦ ਕੀਤੀ ਜਾ ਰਹੀ ਹੈ।
