Canada News: ਮੈਨੂੰ ਇਸ ਤਰ੍ਹਾਂ ਦੇ ਦੇਸ਼ ਵਿੱਚ ਸੁਰੱਖਿਆ ਹੇਠ ਨਹੀਂ ਰਹਿਣਾ ਚਾਹੀਦਾ: ਭਾਰਤੀ ਹਾਈ ਕਮਿਸ਼ਨਰ
ਕੈਨੇਡਾ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਖਾਲਿਸਤਾਨੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਇੱਕ ਸਖ਼ਤ ਅਤੇ ਸਪਸ਼ਟ ਬਿਆਨ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਮੁੱਦੇ ਨੂੰ ਭਾਰਤ ਦੀ ਬਜਾਏ ਕੈਨੇਡਾ ਦੀ ਘਰੇਲੂ ਸਮੱਸਿਆ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕੇ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਕੈਨੇਡਾ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਭਾਰਤੀ ਨਾਗਰਿਕ ਕੈਨੇਡਾ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।
ਉਨ੍ਹਾਂ ਕਿਹਾ, “ ਮੈਨੂੰ ਇਹ ਅਜੀਬ ਲੱਗਦਾ ਹੈ ਕਿ ਇੱਕ ਹਾਈ ਕਮਿਸ਼ਨਰ ਨੂੰ ਇੱਥੇ ਸੁਰੱਖਿਆ ਹੇਠ ਰਹਿਣਾ ਪੈਂਦਾ ਹੈ। ਮੈਂ ਸੁਰੱਖਿਆ ਹੇਠ ਹਾਂ। ਮੈਨੂੰ ਅਜਿਹੇ ਦੇਸ਼ ਵਿੱਚ ਸੁਰੱਖਿਆ ਹੇਠ ਨਹੀਂ ਰਹਿਣਾ ਚਾਹੀਦਾ।”
ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੁਝ ਕੈਨੇਡੀਅਨ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ। ਪਟਨਾਇਕ ਦਾ ਬਿਆਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਲ ਹੀ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਆਇਆ ਹੈ। ਦੋਵਾਂ ਧਿਰਾਂ ਨੇ ਵਪਾਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ’ਤੇ ਸਾਂਝਾ ਬਿਆਨ ਜਾਰੀ ਕੀਤਾ।
ਉਨ੍ਹਾਂ ਨੇ ਜਸਟਿਨ ਟਰੂਡੋ ਦੁਆਰਾ ਲਗਾਏ ਗਏ ਉਨ੍ਹਾਂ ਦੋਸ਼ਾਂ ਨੂੰ ਵੀ ਖ਼ਾਰਜ ਕਰ ਦਿੱਤਾ ਕਿ ਭਾਰਤੀ ਡਿਪਲੋਮੈਟ ਖਾਲਿਸਤਾਨੀ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਪਟਨਾਇਕ ਨੇ ਜ਼ੋਰ ਦਿੱਤਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਗੱਲਬਾਤ ਵਿੱਚ “ਭਾਰਤ ਵਿੱਚ ਕੈਨੇਡੀਅਨ ਦੀ ਸੁਰੱਖਿਆ’ ਵੀ ਸ਼ਾਮਲ ਹੈ।
ਕਿਸੇ ਵੀ ਸਮੂਹ ਦਾ ਨਾਮ ਲਏ ਬਿਨਾਂ, ਪਟਨਾਇਕ ਨੇ ਕਿਹਾ ਕਿ ਵਿਅਕਤੀਆਂ ਦਾ ਇੱਕ ਸਮੂਹ ਅਸਲ ਵਿੱਚ ਡਰ ਪੈਦਾ ਕਰ ਰਿਹਾ ਹੈ, ਜੋ ਭਾਰਤ-ਕੈਨੇਡਾ ਸਬੰਧਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।