ਕੈਨੇਡਾ ਨੇ ਬਿਸ਼ਨੋਈ ਗਰੁੱਪ ਨੂੰ ਅਤਿਵਾਦੀ ਸੰਗਠਨ ਐਲਾਨਿਆ
ਕੈਨੇਡਾ ਨੇ ਅੱਜ ਬਿਸ਼ਨੋਈ ਗਰੁੱਪ ਨੂੰ ‘ਡਰ ਅਤੇ ਦਹਿਸ਼ਤ ਦਾ ਮਾਹੌਲ’ ਪੈਦਾ ਕਰਨ ਲਈ ਅਤਿਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਦਾ ਐਲਾਨ ਕੀਤਾ ਹੈ। ਅਧਿਕਾਰਤ ਬਿਆਨ ਅਨੁਸਾਰ, ‘ਹਿੰਸਾ ਅਤੇ ਦਹਿਸ਼ਤੀ ਕਾਰਵਾਈਆਂ ਦੀ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ, ਖਾਸ ਤੌਰ ’ਤੇ ਉਨ੍ਹਾਂ ਦੀ ਜੋ ਖਾਸ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਕੇ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ।’
ਇਹ ਕਦਮ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਉਨ੍ਹਾਂ ਦੀ ਕੈਨੇਡੀਅਨ ਹਮਰੁਤਬਾ ਨੈਥਲੀ ਡਰੂਇਨ ਵਿਚਾਲੇ ਨਵੀਂ ਦਿੱਲੀ ’ਚ ਹੋਈ ਗੱਲਬਾਤ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ। ਇਸ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਅਤਿਵਾਦ ਅਤੇ ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣ ਸਮੇਤ ਦੁਵੱਲੇ ਸਬੰਧਾਂ ਵਿੱਚ ਨਵੇਂ ਅਧਿਆਏ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਜਤਾਈ ਸੀ।
ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਾਰੇ ਨੇ ਕਿਹਾ, ‘ਬਿਸ਼ਨੋਈ ਗੈਂਗ ਵੱਲੋਂ ਖਾਸ ਭਾਈਚਾਰਿਆਂ ਨੂੰ ਦਹਿਸ਼ਤ, ਹਿੰਸਾ ਅਤੇ ਡਰਾਉਣ ਲਈ ਨਿਸ਼ਾਨਾ ਬਣਾਇਆ ਗਿਆ ਹੈ। ਇਸ ਅਪਰਾਧਿਕ ਅਤਿਵਾਦੀ ਗਰੁੱਪ ਨੂੰ ਸੂਚੀਬੱਧ ਕਰਨ ਨਾਲ ਸਾਨੂੰ ਉਨ੍ਹਾਂ ਦੇ ਅਪਰਾਧਾਂ ਦਾ ਮੁਕਾਬਲਾ ਕਰਨ ਅਤੇ ਉਨ੍ਹਾਂ ਨੂੰ ਰੋਕਣ ਲਈ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸਾਧਨ ਮਿਲਣਗੇ।’
ਇਸ ਫੈਸਲੇ ਨਾਲ ਹੁਣ ਕੈਨੇਡਾ ਦੇ ਅਪਰਾਧਿਕ ਕੋਡ ਤਹਿਤ 88 ਅਤਿਵਾਦੀ ਸੰਗਠਨ ਸੂਚੀਬੱਧ ਹੋ ਗਏ ਹਨ। ਅਤਿਵਾਦੀ ਸੂਚੀ ਵਿੱਚ ਸ਼ਾਮਲ ਹੋਣ ਨਾਲ ਸੰਘੀ ਸਰਕਾਰ ਨੂੰ ਇਨ੍ਹਾਂ ਸੰਗਠਨਾਂ ਨਾਲ ਸਬੰਧਤ ਜਾਇਦਾਦ, ਵਾਹਨ ਅਤੇ ਪੈਸੇ ਜ਼ਬਤ ਜਾਂ ਫ੍ਰੀਜ਼ ਕਰਨ ਦੀ ਤਾਕਤ ਮਿਲਦੀ ਹੈ। ਇਸ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਫੰਡਿੰਗ, ਯਾਤਰਾ ਅਤੇ ਭਰਤੀ ਨਾਲ ਸਬੰਧਤ ਅਤਿਵਾਦੀ ਅਪਰਾਧਾਂ ’ਤੇ ਮੁਕੱਦਮਾ ਚਲਾਉਣ ਲਈ ਵਾਧੂ ਅਧਿਕਾਰ ਵੀ ਮਿਲਦੇ ਹਨ। ਕਾਨੂੰਨ ਮੁਤਾਬਕ ਕੈਨੇਡਾ ਵਿੱਚ ਜਾਂ ਵਿਦੇਸ਼ ਵਿੱਚ ਰਹਿ ਰਹੇ ਕਿਸੇ ਵੀ ਕੈਨੇਡੀਅਨ ਨਾਗਰਿਕ ਲਈ ਜਾਣਬੁੱਝ ਕੇ ਕਿਸੇ ਅਤਿਵਾਦੀ ਗਰੁੱਪ ਦੀ ਜਾਇਦਾਦ ਨਾਲ ਲੈਣ-ਦੇਣ ਕਰਨਾ ਅਪਰਾਧ ਹੈ।
ਬਿਆਨ ਅਨੁਸਾਰ ਲਾਰੈਂਸ ਬਿਸ਼ਨੋਈ ਦੀ ਅਗਵਾਈ ਹੇਠਲਾ ਬਿਸ਼ਨੋਈ ਗੈਂਗ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਹੈ ਜੋ ਮੁੱਖ ਤੌਰ ’ਤੇ ਭਾਰਤ ਤੋਂ ਕੰਮ ਕਰਦਾ ਹੈ। ਕੈਨੇਡਾ ਵਿੱਚ ਵੀ ਇਸ ਦੀ ਮੌਜੂਦਗੀ ਹੈ, ਖਾਸ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪਰਵਾਸੀ ਭਾਈਚਾਰੇ ਰਹਿੰਦੇ ਹਨ।