ਕੈਬਨਿਟ ਮੰਤਰੀ ਸੰਜੀਵ ਅਰੋੜਾ ਬਣੇ ‘ਪਾਵਰਫੁੱਲ’
ਪੰਜਾਬ ਸਰਕਾਰ ਨੇ ਅੱਜ ਕੈਬਨਿਟ ਵਜ਼ੀਰਾਂ ਦੇ ਵਿਭਾਗਾਂ ’ਚ ਮਾਮੂਲੀ ਫੇਰਬਦਲ ਕਰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਊਰਜਾ ਮੰਤਰਾਲਾ ਸੌਂਪਿਆ ਹੈ। ‘ਆਪ’ ਸਰਕਾਰ ਨੇ ਸੰਜੀਵ ਅਰੋੜਾ ਨੂੰ ਅਹਿਮ ਊਰਜਾ ਵਿਭਾਗ ਦੇ ਕੇ ‘ਪਾਵਰਫੁੱਲ’ ਬਣਾਇਆ ਹੈ, ਜਦਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੋਂ ਊਰਜਾ ਮੰਤਰਾਲਾ ਵਾਪਸ ਲੈ ਲਿਆ ਗਿਆ ਹੈ। ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਅੱਜ ਸ਼ਾਮ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਜੀਵ ਅਰੋੜਾ ਕੋਲ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪਹਿਲਾਂ ਤੋਂ ਹੀ ਹਨ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਕੋਲ ਹੁਣ ਸਿਰਫ ਲੋਕ ਨਿਰਮਾਣ ਵਿਭਾਗ ਰਹੇਗਾ।
ਮਾਝਾ ਖ਼ਿੱਤੇ ’ਚੋਂ ਪਹਿਲਾਂ ਕੈਬਨਿਟ ’ਚੋਂ ਕੁਲਦੀਪ ਸਿੰਘ ਧਾਲੀਵਾਲ ਦੀ ਛਾਂਟੀ ਕੀਤੀ ਗਈ ਸੀ ਅਤੇ ਹੁਣ ਹਰਭਜਨ ਸਿੰਘ ਈਟੀਓ ਤੋਂ ਇੱਕ ਮਹਿਕਮਾ ਵਾਪਸ ਲੈ ਲਿਆ ਗਿਆ ਹੈ। ‘ਆਪ’ ਸਰਕਾਰ ਵੱਲੋਂ ਸੰਜੀਵ ਅਰੋੜਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਸੰਜੀਵ ਅਰੋੜਾ ਨੇ ਜਿੱਤ ਹਾਸਲ ਕੀਤੀ ਸੀ ਅਤੇ ਪਹਿਲਾਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੇ ਚਰਚੇ ਵੀ ਚੱਲੇ ਸਨ।
ਸੂਤਰ ਦੱਸਦੇ ਹਨ ਕਿ ‘ਆਪ’ ਸਰਕਾਰ ਦੀ ਸੋਚ ਹੈ ਕਿ ਜੇ ਸੰਜੀਵ ਅਰੋੜਾ ਕੋਲ ਉਦਯੋਗ ਵਿਭਾਗ ਦੇ ਨਾਲ ਊਰਜਾ ਮੰਤਰਾਲਾ ਹੋਵੇਗਾ ਤਾਂ ਇਹ ਦੋਵੇਂ ਵਿਭਾਗ ਇੱਕ-ਦੂਜੇ ਨਾਲ ਸਬੰਧਿਤ ਹੋਣ ਕਰਕੇ ਅਰੋੜਾ ਚੰਗੀ ਕਾਰਗੁਜ਼ਾਰੀ ਦਿਖਾ ਸਕਣਗੇ। ਪੰਜਾਬ ਸਰਕਾਰ ਵੱਲੋਂ ਹਿੰਦੂ ਭਾਈਚਾਰੇ ਅਤੇ ਸਨਅਤਕਾਰਾਂ ਨੂੰ ਵੀ ਖ਼ੁਸ਼ ਕਰਨ ਦਾ ਯਤਨ ਜਾਪਦਾ ਹੈ। ਪਾਵਰਕੌਮ ਦਾ ਵਿੱਤੀ ਸੰਕਟ ਆਉਂਦੇ ਸਮੇਂ ਵਿਚ ਵਧਣ ਦੀ ਸੰਭਾਵਨਾ ਹੈ। ਖ਼ਾਸ ਕਰਕੇ ਸਬਸਿਡੀ ਦੀ ਪੰਡ ਹੋਰ ਭਾਰੀ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਨਵੀਂ ਉਦਯੋਗਿਕ ਨੀਤੀ ਵੀ ਪ੍ਰਕਿਰਿਆ ਅਧੀਨ ਹੈ।
ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਦੋ ਦਿਨ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਵਿਭਾਗ ਵਾਪਸ ਲੈਣ ਬਾਰੇ ਸੰਕੇਤ ਦੇ ਦਿੱਤੇ ਸਨ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਉਸ ਵੇਲੇ ਵੀ ਵਿਵਾਦਾਂ ’ਚ ਘਿਰ ਗਏ ਸਨ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ‘ਪਾਰਟੀ ਫ਼ੰਡ’ ਦਾ ਮੁੱਦਾ ਉਠਾਇਆ ਸੀ। ਚੇਤੇ ਰਹੇ ਕਿ ਵਿਜੀਲੈਂਸ ਨੇ ਜਨਵਰੀ 2025 ਵਿੱਚ ਹੁਸ਼ਿਆਰਪੁਰ ਦੇ ਨਿਗਰਾਨ ਇੰਜਨੀਅਰ ਨੂੰ ਰੰਗੇ ਹੱਥੀਂ ਫੜਿਆ ਸੀ। ਪੀਐੱਸਈਬੀ ਇੰਜਨੀਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਨਿਗਰਾਨ ਇੰਜਨੀਅਰ ਨੇ ਵਿਜੀਲੈਂਸ ਕੋਲ ‘ਪਾਰਟੀ ਫ਼ੰਡ’ ਇਕੱਠੇ ਕਰਨ ਦੀ ਗੱਲ ਆਖੀ ਹੈ। ਐਸੋਸੀਏਸ਼ਨ ਦੇ ਪੱਤਰ ਦੇ ਹਵਾਲੇ ਨਾਲ ਬਾਜਵਾ ਨੇ ਮੁੱਦਾ ਅਸੈਂਬਲੀ ’ਚ ਚੁੱਕਿਆ ਸੀ।