ਮਹਾਰਾਸ਼ਟਰ ’ਚ ਮੰਤਰੀ ਮੰਡਲ ਦਾ ਵਿਸਤਾਰ
ਨਾਗਪੁਰ, 15 ਦਸੰਬਰ
ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਹੇਠਲੇ ਮਹਾਯੁਤੀ ਮੰਤਰੀ ਮੰਡਲ ਦਾ ਅੱਜ ਵਿਸਤਾਰ ਕਰਦਿਆਂ 39 ਹੋਰ ਵਿਧਾਇਕਾਂ ਨੂੰ ਮੰਤਰੀ ਵਜੋਂ ਹਲਫ਼ ਦਿਵਾਇਆ ਗਿਆ ਹੈ। ਇਸ ਨਾਲ ਮੰਤਰੀਆਂ ਦੀ ਗਿਣਤੀ ਵਧ ਕੇ 42 ਹੋ ਗਈ ਹੈ। ਭਾਜਪਾ ਦੇ 19 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਦੇ 11 ਅਤੇ ਅਜੀਤ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ 9 ਵਿਧਾਇਕ ਮੰਤਰੀ ਬਣਾਏ ਗਏ ਹਨ। ਇਨ੍ਹਾਂ ’ਚੋਂ 33 ਵਿਧਾਇਕਾਂ ਨੇ ਕੈਬਨਿਟ ਮੰਤਰੀ ਜਦਕਿ ਛੇ ਨੇ ਰਾਜ ਮੰਤਰੀ ਵਜੋਂ ਹਲਫ਼ ਲਿਆ ਹੈ। ਰਾਜਪਾਲ ਪੀਸੀ ਰਾਧਾਕ੍ਰਿਸ਼ਨਨ ਨੇ ਇਥੇ ਇਕ ਸਮਾਗਮ ਦੌਰਾਨ ਨਵੇਂ ਮੰਤਰੀਆਂ ਨੂੰ ਹਲਫ਼ ਦਿਵਾਇਆ। ਨਵੇਂ ਬਣੇ ਮੰਤਰੀਆਂ ’ਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਅਤੇ ਮੁੰਬਈ ਭਾਜਪਾ ਮੁਖੀ ਅਸ਼ੀਸ਼ ਸ਼ੇਲਾਰ ਸ਼ਾਮਲ ਹਨ। ਹਲਫ਼ਦਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਵੀ ਹਾਜ਼ਰ ਸਨ। ਇਨ੍ਹਾਂ ਤਿੰਨੋਂ ਆਗੂਆਂ ਨੇ 5 ਦਸੰਬਰ ਨੂੰ ਹਲਫ਼ ਲਿਆ ਸੀ। ਮਹਾਰਾਸ਼ਟਰ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਭਲਕੇ ਤੋਂ ਨਾਗਪੁਰ ’ਚ ਸ਼ੁਰੂ ਹੋ ਰਿਹਾ ਹੈ ਜੋ 21 ਦਸੰਬਰ ਤੱਕ ਜਾਰੀ ਰਹੇਗਾ। -ਪੀਟੀਆਈ
ਢਾਈ ਸਾਲ ਬਾਅਦ ਹੋਰ ਆਗੂਆਂ ਨੂੰ ਵੀ ਮੰਤਰੀ ਬਣਨ ਦਾ ਮਿਲੇਗਾ ਮੌਕਾ: ਅਜੀਤ ਪਵਾਰ
ਨਾਗਪੁਰ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐੱਨਸੀਪੀ ਆਗੂ ਅਜੀਤ ਪਵਾਰ ਨੇ ਕਿਹਾ ਹੈ ਕਿ ਕੈਬਨਿਟ ’ਚ ਥਾਂ ਨਾ ਮਿਲਣ ਵਾਲੇ ਆਗੂਆਂ ਨੂੰ ਬਾਅਦ ’ਚ ਮੰਤਰੀ ਬਣਨ ਦਾ ਮੌਕਾ ਮਿਲੇਗਾ। ਐੱਨਸੀਪੀ ਆਗੂ ਨੇ ਮੰਤਰੀ ਮੰਡਲ ਦੇ ਵਿਸਤਾਰ ਤੋਂ ਪਹਿਲਾਂ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਹੋਰਾਂ ਨੂੰ ਵੀ ਢਾਈ-ਢਾਈ ਸਾਲ ਦਾ ਮੌਕਾ ਦਿਆਂਗੇ। ਹਰ ਕੋਈ ਮੰਤਰੀ ਬਣਨਾ ਚਾਹੁੰਦਾ ਹੈ ਪਰ ਮੰਤਰੀ ਮੰਡਲ ’ਚ ਅਹੁਦੇ ਸੀਮਤ ਹਨ।’’ ਐੱਨਸੀਪੀ ਦੇ ਛਗਣ ਭੁਜਬਲ ਅਤੇ ਦਿਲੀਪ ਵਾਲਸੇ ਪਾਟਿਲ ਨੂੰ ਹਾਲੇ ਮੰਤਰੀ ਨਹੀਂ ਬਣਾਇਆ ਗਿਆ ਹੈ। -ਪੀਟੀਆਈ
ਊਧਵ ਦੀ ਸੈਨਾ ਵੱਲੋਂ ਹਿੰਦੂਤਵ ਦਾ ਪੱਲਾ ਮੁੜ ਫੜਨ ਦੇ ਸੰਕੇਤ
ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਮਗਰੋਂ ਊਧਵ ਠਾਕਰੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ (ਯੂਬੀਟੀ) ਨੇ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਦਿੱਤੇ ਹਨ ਕਿ ਉਹ ਹਿੰਦੂਤਵ ਦੇ ਏਜੰਡੇ ’ਤੇ ਮੁੜ ਕੰਮ ਕਰਨ ਲਈ ਤਿਆਰ ਹੈ। ਪਾਰਟੀ ਨੇ ਬੰਗਲਾਦੇਸ਼ ’ਚ ਹਿੰਦੂਆਂ ’ਤੇ ਢਾਹੇ ਜਾ ਰਹੇ ਤਸ਼ੱਦਦ ਲਈ ਕੇਂਦਰ ’ਤੇ ਤਿੱਖਾ ਹਮਲਾ ਕੀਤਾ ਹੈ। ਇਸੇ ਤਰ੍ਹਾਂ ਪਾਰਟੀ ਮੁੰਬਈ ਦੇ ਦਾਦਰ ਸਟੇਸ਼ਨ ਦੇ ਬਾਹਰ 80 ਸਾਲ ਪੁਰਾਣੇ ਹਨੂਮਾਨ ਮੰਦਰ ਦੀ ਰਾਖੀ ਲਈ ਅੱਗੇ ਆਈ ਹੈ ਜਿਸ ਨੂੰ ਢਾਹੁਣ ਲਈ ਰੇਲਵੇਜ਼ ਨੇ ਨੋਟਿਸ ਭੇਜਿਆ ਹੋਇਆ ਹੈ। ਹਿੰਦੁਤਵ ਦਾ ਮੁੜ ਤੋਂ ਅਲੰਬਰਦਾਰ ਬਣਨ ਦੇ ਸੰਕੇਤ ਦਿੰਦਿਆਂ ਸ਼ਿਵ ਸੈਨਾ (ਯੂਬੀਟੀ) ਆਗੂ ਆਦਿੱਤਿਆ ਠਾਕਰੇ ਨੇ ਮੰਦਰ ’ਚ ‘ਮਹਾ ਆਰਤੀ’ ਕੀਤੀ। ਇਸ ਤੋਂ ਪਹਿਲਾਂ ਊਧਵ ਠਾਕਰੇ ਦੇ ਨੇੜਲੇ ਸਾਥੀ ਅਤੇ ਵਿਧਾਨ ਪਰਿਸ਼ਦ ਮੈਂਬਰ ਮਿਲਿੰਦ ਨਾਰਵੇਕਰ ਨੇ 6 ਦਸੰਬਰ ਨੂੰ ‘ਐਕਸ’ ’ਤੇ ਬਾਬਰੀ ਮਸਜਿਦ ਢਾਹੁਣ ਦੀ ਤਸਵੀਰ ਨਸ਼ਰ ਕਰਦਿਆਂ ਸ਼ਿਵ ਸੈਨਾ ਬਾਨੀ ਬਾਲ ਠਾਕਰੇ ਦਾ ਬਿਆਨ ਪੋਸਟ ਕੀਤਾ ਸੀ, ‘‘ਇਹ ਕੰਮ ਕਰਨ (ਬਾਬਰੀ ਮਸਜਿਦ ਢਾਹੁਣਾ) ਵਾਲਿਆਂ ’ਤੇ ਮੈਨੂੰ ਮਾਣ ਹੈ।’’ -ਪੀਟੀਆਈ