ਕੈਬਨਿਟ ਵੱਲੋਂ ਚਾਰ ਸੂਬਿਆਂ ਦੇ 18 ਜ਼ਿਲ੍ਹਿਆਂ ਨਾਲ ਸਬੰਧਤ ਚਾਰ ਰੇਲਵੇ ਪ੍ਰਾਜੈਕਟ ਮਨਜ਼ੂਰ
ਮਲਟੀ-ਟਰੈਕਿੰਗ ਰੇਲਵੇ ਪ੍ਰਾਜੈਕਟ ’ਤੇ 24,634 ਕਰੋਡ਼ ਦੀ ਆਵੇਗੀ ਲਾਗਤ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਛੱਤੀਸਗੜ੍ਹ ਦੇ 18 ਜ਼ਿਲ੍ਹਿਆਂ ’ਚੋਂ ਗੁਜ਼ਰਨ ਵਾਲੇ ਚਾਰ ਮਲਟੀ-ਟਰੈਕਿੰਗ ਰੇਲਵੇ ਪ੍ਰਾਜੈਕਟਾਂ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ’ਤੇ ਕਰੀਬ 24,634 ਕਰੋੜ ਰੁਪਏ ਦੀ ਲਾਗਤ ਆਵੇਗੀ। ਸਰਕਾਰੀ ਬਿਆਨ ’ਚ ਕਿਹਾ ਗਿਆ ਕਿ ਪ੍ਰਾਜੈਕਟਾਂ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ’ਚ ਕਰੀਬ 894 ਕਿਲੋਮੀਟਰ ਦਾ ਵਾਧਾ ਹੋਵੇਗਾ ਅਤੇ ਲੋਕਾਂ, ਵਸਤਾਂ ਅਤੇ ਸੇਵਾਵਾਂ ਦੀ ਆਵਾਜਾਈ ਹੋਰ ਸੁਖਾਲੀ ਹੋਵੇਗੀ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਤਰੀ ਮੰਡਲ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਲਟੀ-ਟਰੈਕਿੰਗ ਤਜਵੀਜ਼ ਅਪਰੇਸ਼ਨ ਨੂੰ ਸੁਚਾਰੂ ਢੰਗ ਅਤੇ ਭੀੜ-ਭਾੜ ਘੱਟ ਕਰਨ ਲਈ ਤਿਆਰ ਕੀਤੀ ਗਈ ਹੈ। ਇਕ ਬਿਆਨ ’ਚ ਕਿਹਾ ਗਿਆ, ‘‘ਇਹ ਪ੍ਰਾਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਭਾਰਤ ਦੇ ਨਜ਼ਰੀਏ ਮੁਤਾਬਕ ਹਨ ਜੋ ਖੇਤਰ ’ਚ ਵਿਆਪਕ ਵਿਕਾਸ ਰਾਹੀਂ ਖ਼ਿੱਤੇ ਦੇ ਲੋਕਾਂ ਨੂੰ ਆਤਮ-ਨਿਰਭਰ ਬਣਾਉਣਗੇ। ਇਸ ਨਾਲ ਉਨ੍ਹਾਂ ਦੇ ਰੁਜ਼ਗਾਰ ਦੇ ਮੌਕੇ ਵਧਣਗੇ।’’ ਪ੍ਰਾਜੈਕਟਾਂ ਦੀ ਯੋਜਨਾ ‘ਪੀ ਐੱਮ-ਗਤੀ ਸ਼ਕਤੀ’ ਕੌਮੀ ਮਾਸਟਰ ਪਲਾਨ ਤਹਿਤ ਬਣਾਈ ਗਈ ਹੈ।
Advertisement
Advertisement