ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀ ਪੀ ਰਾਧਾਕ੍ਰਿਸ਼ਨਨ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ

ਐੱਨਡੀਏ ਉਮੀਦਵਾਰ ਨੇ ‘ਇੰਡੀਆ’ ਗੱਠਜੋਡ਼ ਦੇ ਬੀ ਸੁਦਰਸ਼ਨ ਰੈਡੀ ਨੂੰ 152 ਵੋਟਾਂ ਨਾਲ ਹਰਾਇਆ
AppleMark
Advertisement

ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਉਮੀਦਵਾਰ ਸੀ ਪੀ ਰਾਧਾਕ੍ਰਿਸ਼ਨਨ ਅੱਜ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਚੁਣੇ ਗਏ। ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਚੋਣ ਲਈ ਵਿਰੋਧ ਧਿਰ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਜਸਟਿਸ ਬੀ ਸੁਦਰਸ਼ਨ ਰੈਡੀ ਨੂੰ 152 ਵੋਟਾਂ ਨਾਲ ਹਰਾ ਦਿੱਤਾ। ਰਿਟਰਨਿੰਗ ਅਫਸਰ ਪੀ ਸੀ ਮੋਦੀ ਨੇ ਦੱਸਿਆ ਕਿ ਰਾਧਾਕ੍ਰਿਸ਼ਨਨ ਨੂੰ 452 ਵੋਟਾਂ, ਜਦੋਂਕਿ ਸੁਦਰਸ਼ਨ ਰੈੱਡੀ ਨੂੰ 300 ਵੋਟਾਂ ਮਿਲੀਆਂ। ਵੋਟਾਂ ਦੀ ਗਿਣਤੀ ਤੋਂ ਰਾਧਾਕ੍ਰਿਸ਼ਨਨ ਦੇ ਪੱਖ ਵਿੱਚ ਕੁੱਝ ਕਰਾਸ-ਵੋਟਿੰਗ ਹੋਣ ਦਾ ਸੰਕੇਤ ਹੈ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਘੱਟੋ-ਘੱਟ 15 ਸੰਸਦ ਮੈਂਬਰਾਂ ਨੇ ਐੱਨਡੀਏ ਉਮੀਦਵਾਰ ਦੇ ਪੱਖ ਵਿੱਚ ਵੋਟ ਪਾਈ। ਇਸ ਤੋਂ ਪਹਿਲਾਂ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਵਿਰੋਧੀ ਧਿਰ ਇਕਜੁੱਟ ਹੈ ਅਤੇ ਉਸ ਦੇ ਸਾਰੇ 315 ਸੰਸਦ ਮੈਂਬਰਾਂ ਨੇ ਉਪ ਰਾਸ਼ਟਰਪਤੀ ਚੋਣ ਵਿੱਚ ਹਿੱਸਾ ਲਿਆ ਹੈ।

ਮੋਦੀ ਨੇ ਕਿਹਾ ਕਿ ਕੁੱਲ 767 ਸੰਸਦ ਮੈਂਬਰਾਂ ਨੇ ਵੋਟ ਪਾਈ ਜੋ 98.2 ਫ਼ੀਸਦ ਬਣਦੀ ਹੈ। ਇਨ੍ਹਾਂ ਵਿੱਚੋਂ 752 ਵੈਧ ਅਤੇ 15 ਵੋਟਾਂ ਅਵੈਧ ਕਰਾਰ ਦਿੱਤੀਆਂ ਗਈਆਂ। ਗਿਆ। ਇੱਕ ਡਾਕ ਮਤਪੱਤਰ ਰੱਦ ਕਰ ਦਿੱਤਾ ਗਿਆ ਕਿਉਂਕਿ ਸੰਸਦ ਮੈਂਬਰ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਵੋਟਾਂ ਦਾ ਅਮਲ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਤੱਕ ਚੱਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ 760 ਤੋਂ ਵੱਧ ਸੰਸਦ ਮੈਂਬਰਾਂ ਨੇ ਵੋਟ ਪਾਈ।

Advertisement

ਲੋਕ ਸਭਾ ਅਤੇ ਰਾਜ ਸਭਾ ਮੈਂਬਰ ਇਸ ਚੋਣ ਵਿੱਚ ਹਿੱਸਾ ਲੈਂਦੇ ਹਨ ਅਤੇ ਇਸ ਵਿੱਚ ਵ੍ਹਿਪ ਜਾਰੀ ਨਹੀਂ ਕੀਤਾ ਜਾਂਦਾ। ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਵਿੱਚ ਰਾਜ ਸਭਾ ਦੇ 233 ਚੁਣੇ ਹੋਏ ਮੈਂਬਰ (ਇਸ ਸਮੇਂ ਪੰਜ ਸੀਟਾਂ ਖਾਲੀ ਹਨ) ਅਤੇ 12 ਨਾਮਜ਼ਦ ਮੈਂਬਰ ਅਤੇ ਲੋਕ ਸਭਾ ਦੇ 543 ਚੁਣੇ ਹੋਏ ਮੈਂਬਰ (ਇਸ ਸਮੇਂ ਇੱਕ ਸੀਟ ਖਾਲੀ ਹੈ) ਸ਼ਾਮਲ ਸਨ। ਚੋਣ ਮੰਡਲ ਵਿੱਚ ਕੁੱਲ 788 ਮੈਂਬਰ (ਇਸ ਸਮੇਂ 781) ਹਨ। ਵੋਟਿੰਗ ਗੁਪਤ ਵੋਟ ਪ੍ਰਣਾਲੀ ਤਹਿਤ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ, ਬੀਜੂ ਜਨਤਾ ਦਲ (ਬੀਜੇਡੀ), ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੇ ਇਸ ਚੋਣ ਵਿੱਚ ਹਿੱਸਾ ਨਹੀਂ ਲਿਆ। ਰਾਧਾਕ੍ਰਿਸ਼ਨਨ ਅਹੁਦੇ ਦਾ ਹਲਫ਼ ਲੈਣ ਮਗਰੋਂ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਬਣ ਜਾਣਗੇ।

ਜਗਦੀਪ ਧਨਖੜ ਵੱਲੋਂ ਮੌਨਸੂਨ ਇਜਲਾਸ ਦੇ ਪਹਿਲੇ ਦਿਨ 21 ਜੁਲਾਈ ਨੂੰ ਸਿਹਤ ਸਬੰਧੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਚੋਣ ਜ਼ਰੂਰੀ ਹੋ ਗਈ ਸੀ। ਧਨਖੜ ਦੇ ਪੰਜ ਸਾਲਾਂ ਦੇ ਕਾਰਜਕਾਲ ਦੇ ਅਜੇ ਦੋ ਸਾਲ ਬਾਕੀ ਸਨ। ਹੁਣ ਨਵ-ਨਿਯੁਕਤ ਉਪ ਰਾਸ਼ਟਰਪਤੀ ਨੂੰ ਪੂਰੇ ਪੰਜ ਸਾਲ ਦਾ ਕਾਰਜਕਾਲ ਮਿਲੇਗਾ। ਦੇਸ਼ ਦੀ ਆਜ਼ਾਦੀ ਮਗਰੋਂ ਇਹ ਤੀਜੀ ਵਾਰ ਸੀ ਜਦੋਂ ਕਿਸੇ ਉਪ-ਰਾਸ਼ਟਰਪਤੀ ਨੇ ਆਪਣੇ ਕਾਰਜਕਾਲ ਦੇ ਵਿਚਾਲੇ ਅਸਤੀਫਾ ਦੇ ਦਿੱਤਾ ਹੋਵੇ।

 

ਮੁਰਮੂ, ਮੋਦੀ, ਧਨਖੜ ਤੇ ਸ਼ਾਹ ਵੱਲੋਂ ਰਾਧਾਕ੍ਰਿਸ਼ਨਨ ਨੂੰ ਵਧਾਈ

ਨਵੀਂ ਦਿੱਲੀ: ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਆਪਣੇ ਉੱਤਰਾਧਿਕਾਰੀ ਸੀ ਪੀ ਰਾਧਾਕ੍ਰਿਸ਼ਨਨ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਵਿਸ਼ਾਲ ਤਜਰਬਾ ਉਪ ਰਾਸ਼ਟਰਪਤੀ ਦੇ ਅਹੁਦੇਦਾ ਹੋਰ ਮਾਣ ਵਧੇਗਾ। ਜੁਲਾਈ ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਧਨਖੜ ਦਾ ਇਹ ਪਹਿਲਾ ਜਨਤਕ ਬਿਆਨ ਹੈ। ਇਨ੍ਹਾਂ ਤੋਂ ਇਲਾਵਾ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਧਾਕ੍ਰਿਸ਼ਨਨ ਨੂੰ ਜਿੱਤ ਦੀ ਵਧਾਈ ਦਿੱਤੀ। -ਪੀਟੀਆਈ

ਰਾਧਾਕ੍ਰਿਸ਼ਨਨ ਦਾ ਸਵੈਮ-ਸੇਵਕ ਤੋਂ ਉਪ ਰਾਸ਼ਟਰਪਤੀ ਤੱਕ ਦਾ ਸਫ਼ਰ

ਨਵੀਂ ਦਿੱਲੀ: ਦੇਸ਼ ਦੇ ਦੂਸਰੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ’ਤੇ ਪੁੱਜੇ ਸੀ ਪੀ ਰਾਧਕ੍ਰਿਸ਼ਨਨ ਛੋਟੀ ਉਮਰ ਵਿੱਚ ਹੀ ਆਰਐੱਸਐੱਸ ਅਤੇ ਜਨ ਸੰਘ ਨਾਲ ਜੁੜ ਗਏ ਸਨ। ਉਨ੍ਹਾਂ ਨੇ 1990 ਦੇ ਦਹਾਕੇ ਦੇ ਅਖੀਰ ਵਿੱਚ ਕੋਇੰਬਟੂਰ ਤੋਂ ਦੋ ਵਾਰ ਲੋਕ ਸਭਾ ਚੋਣਾਂ ਜਿੱਤੀਆਂ ਅਤੇ ਰਾਧਾਕ੍ਰਿਸ਼ਨਨ ਦੇ ਸਮਰਥਕ ਉਨ੍ਹਾਂ ਨੂੰ ‘ਤਾਮਿਲ ਨਾਡੂ ਦਾ ਮੋਦੀ’ ਕਹਿੰਦੇ ਹਨ। ਉਪ ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਸਫ਼ਰ ਵੱਖਰੀ ਤਰ੍ਹਾਂ ਦਾ ਹੋਵੇਗਾ, ਜਿਸ ਵਿੱਚ ਉਨ੍ਹਾਂ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹੋਣਗੀਆਂ। ਰਾਜ ਸਭਾ ਦੇ ਚੇਅਰਮੈਨ ਵਜੋਂ ਸਭ ਤੋਂ ਵੱਡੀ ਚੁਣੌਤੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦਰਮਿਆਨ ਸੰਤੁਲਨ ਬਣਾਈ ਰੱਖਣਾ ਹੋਵੇਗਾ, ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਵਿਰੋਧੀ ਧਿਰ ਨੇ ਚੇਅਰਮੈਨ ਦੀ ਨਿਰਪੱਖਤਾ ਬਾਰੇ ਕਈ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਨੇ ਰਾਧਾਕ੍ਰਿਸ਼ਨਨ (67) ਨੂੰ ਕਈ ਸੂਬਿਆਂ ਦਾ ਰਾਜਪਾਲ ਬਣਾਇਆ ਹੈ। ਹੁਣ ਤੱਕ ਉਹ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਸੇਵਾ ਨਿਭਾਅ ਰਹੇ ਸਨ। -ਪੀਟੀਆਈ

ਉਮੀਦ ਹੈ ਰਾਧਾਕ੍ਰਿਸ਼ਨਨ ਸੱਤਾਧਾਰੀ ਧਿਰ ਦੇ ਦਬਾਅ ਅੱਗੇ ਨਹੀਂ ਝੁਕਣਗੇ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਅੱਜ ਉਪ ਰਾਸ਼ਟਰਪਤੀ ਚੋਣ ਜਿੱਤਣ ’ਤੇ ਸੀ ਪੀ ਰਾਧਾਕ੍ਰਿਸ਼ਨਨ ਨੂੰ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਸੰਸਦੀ ਰਵਾਇਤਾਂ ਦੀਆਂ ਉੱਚ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਗੇ, ਵਿਰੋਧੀ ਧਿਰ ਲਈ ਬਰਾਬਰ ਥਾਂ ਤੇ ਮਾਣ-ਸਨਮਾਨ ਯਕੀਨੀ ਬਣਾਉਣਗੇ ਅਤੇ ਸੱਤਾਧਾਰੀ ਪਾਰਟੀ ਦੇ ਦਬਾਅ ਅੱਗੇ ਨਹੀਂ ਝੁਕਣਗੇ। ਖੜਗੇ ਨੇ ‘ਐਕਸ’ ’ਤੇ ਲਿਖਿਆ, ‘‘ਸੀ ਪੀ ਰਾਧਾਕ੍ਰਿਸ਼ਨਨ ਨੂੰ ਉਪ ਰਾਸ਼ਟਰਪਤੀ ਚੋਣ ਜਿੱਤਣ ’ਤੇ ਵਧਾਈ। ਅਸੀਂ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਬੀ ਸੁਦਰਸ਼ਨ ਰੈੱਡੀ ਦਾ ਉਨ੍ਹਾਂ ਦੇ ਉਤਸ਼ਾਹ ਅਤੇ ਸਿਧਾਂਤਕ ਲੜਾਈ ਲਈ ਦਿਲੋਂ ਧੰਨਵਾਦ ਕਰਦੇ ਹਾਂ।’’

ਵਿਚਾਰਧਾਰਕ ਲੜਾਈ ਜਾਰੀ ਰਹੇਗੀ: ਰੈਡੀ

ਨਵੀਂ ਦਿੱਲੀ: ਉਪ ਰਾਸ਼ਟਰਪਤੀ ਚੋਣ ਵਿੱਚ ਵਿਰੋਧੀ ਧਿਰ ਦੇ ਉਮੀਦਵਾਰ ਰਹੇ ਜਸਟਿਸ ਬੀ ਸੁਦਰਸ਼ਨ ਰੈਡੀ ਨੇ ਆਪਣੀ ਹਾਰ ਮਗਰੋਂ ਕਿਹਾ ਕਿ ਉਹ ਇਸ ਨਤੀਜੇ ਨੂੰ ਨਿਮਰਤਾ ਸਹਿਤ ਸਵੀਕਾਰ ਕਰਦੇ ਹਨ, ਪਰ ਉਨ੍ਹਾਂ ਦੀ ਵਿਚਾਰਧਾਰਕ ਲੜਾਈ ਅੱਗੇ ਹੋਰ ਜ਼ੋਰਦਾਰ ਢੰਗ ਨਾਲ ਜਾਰੀ ਰਹੇਗੀ।

Advertisement
Show comments