ਦਬਾਅ ਹੇਠ ਵਪਾਰ ਸਮਝੌਤਾ ਨਹੀਂ ਕਰਦੇ: ਗੋਇਲ
ਵਣਜ ਤੇ ਉਦਯੋਗ ਮਤੰਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਜਲਦਬਾਜ਼ੀ ਵਿੱਚ ਜਾਂ ‘ਕਿਸੇ ਤਰ੍ਹਾਂ ਦੇ ਦਬਾਅ ਹੇਠ’ ਵਪਾਰ ਸਮਝੌਤਾ ਨਹੀਂ ਕਰਦਾ। ਭਾਰਤ ਦੀ ਯੂਰੋਪੀਅਨ ਯੂਨੀਅਨ (ਈ ਯੂ) ਅਤੇ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਤੇ ਸਮੂਹਾਂ ਨਾਲ ਵਪਾਰ ਸਮਝੌਤਿਆਂ ਬਾਰੇ ਸਰਗਰਮੀ ਨਾਲ ਗੱਲਬਾਤ ਚੱਲ ਰਹੀ ਹੈ। ਸ੍ਰੀ ਗੋਇਲ ਨੇ ਜਰਮਨੀ ’ਚ ‘ਬਰਲਿਨ ਸੰਵਾਦ’ ਦੌਰਾਨ ਕਿਹਾ, ‘‘ਅਸੀਂ ਯੂਰੋਪੀਅਨ ਯੂਨੀਅਨ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਅਮਰੀਕਾ ਨਾਲ ਵੀ ਗੱਲ ਕਰ ਰਹੇ ਹਾਂ ਪਰ ਅਸੀਂ ਜਲਦਬਾਜ਼ੀ ’ਚ ਕੋਈ ਸਮਝੌਤਾ ਨਹੀਂ ਕਰਦੇ ਤੇ ਨਾ ਹੀ ਕੋਈ ਸਮਾਂ ਸੀਮਾ ਤੈਅ ਕਰ ਕੇ ਜਾਂ ਫਿਰ ਕਿਸੇ ਤਰ੍ਹਾਂ ਦੇ ਦਬਾਅ ਹੇਠ ਕੋਈ ਸਮਝੌਤਾ ਕਰਦੇ ਹਾਂ।’’ ਵਣਜ ਤੇ ਉਦਯੋਗ ਮੰਤਰੀ ਇਸ ਸੰਵਾਦ ’ਚ ਹਿੱਸਾ ਲੈਣ, ਨਿਵੇਸ਼ ਤੇ ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਅਤੇ ਜਰਮਨੀ ਦੇ ਕਾਰੋਬਾਰੀਆਂ ਨਾਲ ਵਿਚਾਰ-ਚਰਚਾ ਲਈ ਬਰਲਿਨ ਵਿੱਚ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਪਾਰ ਸਮਝੌਤੇ ਨੂੰ ਲੰਮੇ ਸਮੇਂ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ। ਭਾਰਤ ਕਦੀ ਵੀ ਜਲਦਬਾਜ਼ੀ ਜਾਂ ਭੜਕਾਹਟ ’ਚ ਆ ਕੇ ਕੋਈ ਫ਼ੈਸਲਾ ਨਹੀਂ ਕਰਦਾ।
